ਵੱਡੀ ਖ਼ਬਰ: ਆਦਮਪੁਰ ਹਵਾਈ ਅੱਡੇ ਦਾ ਨਾਂ ਹੁਣ ਹੋਇਆ ‘ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ’, PM ਮੋਦੀ ਨੇ ਪੰਜਾਬ ਫੇਰੀ ਦੌਰਾਨ ਲਿਆ ਇਤਿਹਾਸਕ ਫੈਸਲਾ

0
1017

ਆਦਮਪੁਰ/ਜਲੰਧਰ, 1 ਫਰਵਰੀ | ਪੰਜਾਬ ਦੇ ਹਵਾਈ ਸਫ਼ਰ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਅਧਿਕਾਰਤ ਤੌਰ ‘ਤੇ ਬਦਲ ਕੇ ‘ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ’ ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਪੰਜਾਬ ਫੇਰੀ ਦੌਰਾਨ ਕੀਤਾ।

ਪ੍ਰਧਾਨ ਮੰਤਰੀ ਅੱਜ ਦੁਪਹਿਰ ਕਰੀਬ 3:45 ਵਜੇ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਵੇਂ ਨਾਮ ਵਾਲੀ ਤਖ਼ਤੀ ਤੋਂ ਪਰਦਾ ਹਟਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਪੂਰੀ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ ਅਤੇ ਇਹ ਨਾਮਕਰਨ ਉਨ੍ਹਾਂ ਦੇ ਬਰਾਬਰੀ ਤੇ ਮਾਨਵਤਾ ਦੇ ਸੰਦੇਸ਼ ਨੂੰ ਸਿਜਦਾ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਹੈ।

ਲੰਬੇ ਸਮੇਂ ਤੋਂ ਸੀ ਮੰਗ ਦੱਸਣਯੋਗ ਹੈ ਕਿ ਆਦਮਪੁਰ ਏਅਰਪੋਰਟ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦੀ ਮੰਗ ਪੰਜਾਬ ਦੇ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਦੋਆਬਾ ਖੇਤਰ ਵਿੱਚ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਹੈ, ਜਿਸ ਕਾਰਨ ਇਸ ਫੈਸਲੇ ਨੂੰ ਭਾਵੁਕ ਅਤੇ ਸਮਾਜਿਕ ਪੱਖੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।



ਹਲਵਾਰਾ ਏਅਰਪੋਰਟ ਨੂੰ ਵੀ ਮਿਲੀ ਸੌਗਾਤ ਆਪਣੇ ਇਸ ਦੌਰੇ ਦੌਰਾਨ ਪੀ.ਐਮ. ਮੋਦੀ ਨੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੇ ਨਵੇਂ ਬਣੇ ਸਿਵਲ ਟਰਮੀਨਲ ਦਾ ਵੀ ਉਦਘਾਟਨ ਕੀਤਾ। ਹਲਵਾਰਾ ਵਿਖੇ ਨਵਾਂ ਸਿਵਲ ਐਨਕਲੇਵ ਬਣਨ ਨਾਲ ਹੁਣ ਲੁਧਿਆਣਾ ਦੇ ਸਨਅਤਕਾਰਾਂ ਅਤੇ ਆਮ ਲੋਕਾਂ ਨੂੰ ਦਿੱਲੀ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਆਪਣੇ ਸ਼ਹਿਰ ਤੋਂ ਹੀ ਵੱਡੇ ਜਹਾਜ਼ਾਂ ਰਾਹੀਂ ਸਫ਼ਰ ਕਰ ਸਕਣਗੇ।

ਸੁਰੱਖਿਆ ਦੇ ਸਖ਼ਤ ਪ੍ਰਬੰਧ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਜਲੰਧਰ ਅਤੇ ਆਦਮਪੁਰ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਚੱਪੇ-ਚੱਪੇ ‘ਤੇ ਤਾਇਨਾਤ ਰਹੀਆਂ। ਆਦਮਪੁਰ ਤੋਂ ਬਾਅਦ ਪ੍ਰਧਾਨ ਮੰਤਰੀ ਡੇਰਾ ਸੱਚਖੰਡ ਬੱਲਾਂ ਵਿਖੇ ਵੀ ਨਤਮਸਤਕ ਹੋਣ ਲਈ ਪਹੁੰਚੇ।

ਸਿਆਸੀ ਮਾਹਿਰਾਂ ਅਨੁਸਾਰ, ਇਹ ਕਦਮ ਜਿੱਥੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ, ਉੱਥੇ ਹੀ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਇੱਕ ਵੱਡੇ ‘ਦਲਿਤ ਪਹੁੰਚ’ (Dalit Outreach) ਵਜੋਂ ਵੀ ਦੇਖਿਆ ਜਾ ਰਿਹਾ ਹੈ।