ਦੋਸਤ ਹੀ ਨਿਕਲਿਆ ਦੋਸਤ ਦਾ ਕਾਤਲ, ਪੁਰਾਣੀ ਰੰਜਿਸ਼ ਕਰਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ

0
3188

ਜਲੰਧਰ 2 ਅਗਸਤ | – ਜਲੰਧਰ ਦੇ ਬੱਸਤੀ ਸ਼ੇਖ ਵਿਖੇ ਸਥਿਤ ਦੁਸਿਹਰਾ ਗਰਾਊਂਡ ਨੇੜੇ 18 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੋਈ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਹਿਚਾਣ ਸੂਰਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀ ਕੋਲੋਂ ਘਟਨਾ ਦੌਰਾਨ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਬੱਸਤੀ ਸ਼ੇਖ ਦੇ ਦੁਸਿਹਰਾ ਗਰਾਊਂਡ ਨੇੜੇ ਇਕ ਕਤਲ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪੁੱਜ ਕੇ ਥਾਣਾ ਨੰਬਰ 5 ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਰਾਹੁਲ ਅਤੇ ਆਰੋਪੀ ਸੂਰਜ ਪਹਿਲਾਂ ਆਪਸ ‘ਚ ਦੋਸਤ ਸਨ। ਪਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋ ਗਿਆ ਸੀ।

ਦੋਹਾਂ ਦੇ ਦੋਸਤਾਂ ਨੇ ਦਖਲ ਦੇ ਕੇ ਦੋਹਾਂ ਵਿਚ ਰਾਜੀਨਾਮਾ ਕਰਵਾ ਦਿੱਤਾ। ਪਰ ਜਦੋਂ ਉਹ ਦੋਸਤ ਉਥੋਂ ਚਲੇ ਗਏ ਤਾਂ ਸੂਰਜ ਨੇ ਆਪਣੇ ਕੋਲੋਂ ਚਾਕੂ ਕੱਢ ਕੇ ਰਾਹੁਲ ‘ਤੇ ਵਾਰ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ ‘ਚ ਰਾਹੁਲ ਨੂੰ ਉਸਦੇ ਦੋਸਤਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਤਕਰੀਬਨ ਸਵੇਰੇ 5 ਵਜੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਸ਼ੱਕਤ ਕਰਕੇ ਆਰੋਪੀ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।