ਦਰਬਾਰ ਸਾਹਿਬ ਈਮੇਲ ਧਮਕੀ ਮਾਮਲਾ: ਪੁਲਿਸ ਵੱਲੋਂ ਫਰੀਦਾਬਾਦ ਤੋਂ ਸੁਭਮ ਦੁਬੇ ਨਾਮਕ ਨੌਜਵਾਨ ਡਿਟੇਨ

0
3195

ਅੰਮ੍ਰਿਤਸਰ, 18 ਜੁਲਾਈ। ਦਰਬਾਰ ਸਾਹਿਬ ਨੂੰ ਈਮੇਲ ਰਾਹੀਂ ਮਿਲੀਆਂ ਧਮਕੀਆਂ ਦੇ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਹਨ। ਪੁਲਿਸ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੇ ਅੰਦਰੂਨੀ ਹਿੱਸਿਆਂ ‘ਚ ਐਸਜੀਪੀਸੀ ਦੇ ਸਹਿਯੋਗ ਨਾਲ ਵਾਧੂ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਡੀਸੀਪੀ ਲੈਵਲ ਦੇ ਅਧਿਕਾਰੀ ਮੌਕੇ ‘ਤੇ ਨਿਗਰਾਨੀ ਕਰ ਰਹੇ ਹਨ।
ਪੁਲਿਸ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਜਾਂਚ ਕੀਤੀ ਜਾ ਰਹੀ ਹੈ ਤੇ ਘਬਰਾਉਣ ਦੀ ਕੋਈ ਲੋੜ ਨਹੀਂ। ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ। ਪੁਲਿਸ ਮੁਤਾਬਕ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਕਈ ਫੋਰਿਨ ਬੇਸ ਕੰਪਨੀਆਂ ਤੇ ਸਰਵਿਸ ਪ੍ਰੋਵਾਈਡਰਾਂ ਨੂੰ ਵੀ ਸੰਪਰਕ ਕੀਤਾ ਗਿਆ ਹੈ। ਪਹਿਲੀ ਈਮੇਲ ਵਿੱਚ ਜੋ ਕੁਝ ਵੀ ਜਾਣਕਾਰੀ ਮਿਲੀ ਹੈ, ਉਹ ਤਮਿਲਨਾਡੂ ਤੇ ਉਥਲੇ ਸਿਆਸੀ ਮਾਮਲਿਆਂ ਨਾਲ ਸਬੰਧਤ ਨਿਕਲੀ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਰੀਦਾਬਾਦ ਤੋਂ ਸੁਭਮ ਦੁਬੇ ਨਾਮਕ ਨੌਜਵਾਨ ਨੂੰ ਪੁਲਿਸ ਨੇ ਡਿਟੇਨ ਕਰ ਕੇ ਤਫਤੀਸ਼ ‘ਚ ਸ਼ਾਮਲ ਕੀਤਾ ਹੈ। ਦੱਸਿਆ ਗਿਆ ਕਿ ਉਹ ਬੀਟੈਕ ਪਾਸ ਆਊਟ ਹੈ ਤੇ ਵੱਖ-ਵੱਖ ਕੰਪਨੀਆਂ ‘ਚ ਕੰਮ ਕਰ ਚੁੱਕਾ ਹੈ। ਉਸ ਦੇ ਲੈਪਟਾਪ ਤੇ ਫੋਨ ਵੀ ਜਬਤ ਕੀਤੇ ਗਏ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ। ਪੁਲਿਸ ਨੇ ਕਿਹਾ ਕਿ ਅਜੇ ਤਕ ਪੂਰੀ ਸਫਲਤਾ ਤਾਂ ਨਹੀਂ ਮਿਲੀ ਪਰ ਜਾਂਚ ਵਿਚ ਸਫਲਤਾ ਮਿਲ ਰਹੀ ਹੈ। ਇਸ ਮਾਮਲੇ ਦੀ ਜਾਂਚ ਵਿਚ ਅੰਮ੍ਰਿਤਸਰ ਪੁਲਿਸ ਨੇ ਦਿੱਲੀ, ਫਰੀਦਾਬਾਦ ਤੇ ਤਮਿਲਨਾਡੂ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।
ਤਮਿਲਨਾਡੂ ਦੇ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਉਥੇ ਵੀ ਅਜਿਹੀਆਂ ਈਮੇਲਾਂ ਮਿਲੀਆਂ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਵੀਪੀਐਨ ਤੇ ਟੈਕਨਾਲੋਜੀ ਦੀ ਵਰਤੋਂ ਕਰ ਕੇ ਧਮਕੀ ਦੇਣ ਵਾਲਿਆਂ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਦੀ ਟੀਮ ਹਰ ਪੱਖੋਂ ਜਾਂਚ ਕਰ ਰਹੀ ਹੈ। ਭੁੱਲਰ ਨੇ ਸਾਫ ਕੀਤਾ ਕਿ ਸੁਭਮ ਦੁਬੇ ਨੂੰ ਸਿਰਫ ਡਿਟੇਨ ਕਰ ਕੇ ਪੁੱਛਗਿੱਛ ਕੀਤੀ ਗਈ ਹੈ। ਅਜੇ ਤਕ ਉਸ ਉੱਤੇ ਕੋਈ ਪੱਕਾ ਦੋਸ਼ ਨਹੀਂ ਹੈ। ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।