ਲੁਧਿਆਣਾ : ਪਤਨੀ ਨਾਲ ਕਲੇਸ਼ ਹੋਣ ‘ਤੇ ਰਸਤੇ ‘ਚ ਕਾਰ ਰੋਕ ਕੇ ਪਤੀ ਨੇ ਕੀਤਾ ਕਤਲ, ਫਿਰ ਲੁੱਟ ਦੀ ਰਚੀ ਝੂਠੀ ਕਹਾਣੀ

0
150

 ਲੁਧਿਆਣਾ, 8 ਜਨਵਰੀ | ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਔਰਤ ਦੇ ਭੇਦਭਰੇ ਹਾਲਾਤਾਂ ‘ਚ ਹੋਏ ਕਤਲ ਮਾਮਲੇ ‘ਚ ਉਸ ਦਾ ਪਤੀ ਹੀ ਕਾਤਲ ਨਿਕਲਿਆ। ਪੁਲਿਸ ਨੇ 12 ਘੰਟਿਆਂ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਪਤੀ ਗੌਰਵ ਕੁਮਾਰ ਵਾਸੀ ਸ਼ਿਮਲਾਪੁਰੀ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਪਣੇ ਸਹੁਰੇ ਘਰ ਜਾਂਦੇ ਸਮੇਂ ਗੌਰਵ ਨੇ ਕਾਰ ਰੋਕ ਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਡੈਸ਼ਬੋਰਡ ਨਾਲ ਦੋ ਵਾਰ ਸਿਰ ਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ’ਚ ਕਤਲ ਨੂੰ ਹਾਦਸਾ ਅਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੁਲਿਸ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਸੱਚ ਨਹੀਂ ਕਰ ਸਕਿਆ।

ਇਸ ਸਬੰਧੀ ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸ਼ਿਮਲਾਪੁਰੀ ’ਚ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਗੌਰਵ ਕੁਮਾਰ ਦਾ ਵਿਆਹ ਸਹਾਰਨਪੁਰ ’ਚ ਰੀਨਾ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ 6 ਸਾਲ ਦਾ ਬੇਟਾ ਵੀ ਹੈ। ਘਰ ’ਚ ਬਹੁਤ ਕਲੇਸ਼ ਰਹਿੰਦਾ ਸੀ। ਅਕਸਰ ਗੌਰਵ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਰੀਨਾ ਮਿਰਗੀ ਤੋਂ ਪੀੜਤ ਸੀ। ਕੁਝ ਸਮਾਂ ਪਹਿਲਾਂ ਉਸ ਦਾ ਗਰਭਪਾਤ ਵੀ ਹੋਇਆ ਸੀ। ਇਸੇ ਕਾਰਨ ਰੀਨਾ ਬੀਮਾਰ ਰਹਿੰਦੀ ਸੀ। 7 ਜਨਵਰੀ ਦੀ ਸਵੇਰ ਨੂੰ ਗੌਰਵ ਕੁਮਾਰ ਆਪਣੀ ਪਤਨੀ ਅਤੇ ਬੇਟੇ ਨਾਲ ਆਈ-20 ਕਾਰ ‘ਚ ਸਹੁਰੇ ਘਰ ਲਈ ਰਵਾਨਾ ਹੋਇਆ ਸੀ। ਖੰਨਾ ‘ਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਲਾਸ਼ ਨੂੰ ਵਾਪਸ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ ਸੀ। ਇਹ ਕਤਲ ਸਵੇਰੇ 7:30 ਵਜੇ ਦੇ ਕਰੀਬ ਕੀਤਾ ਗਿਆ ਸੀ ਅਤੇ ਦੁਪਹਿਰ 12 ਵਜੇ ਖੰਨਾ ਪੁਲਿਸ ਨੂੰ 112 ‘ਤੇ ਫ਼ੋਨ ਕਰ ਕੇ ਸੂਚਨਾ ਦਿੱਤੀ ਗਈ ਕਿ ਉਸਦੀ ਪਤਨੀ ਦਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ।

ਗੌਰਵ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਸਹਾਰਨਪੁਰ ਜਾ ਰਿਹਾ ਸੀ ਤਾਂ ਰਸਤੇ ’ਚ ਉਸਦੀ ਕਾਰ ਪੈਂਂਚਰ ਹੋ ਗਈ। ਉਸ ਨੇ ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਪਿੰਡ ਗੱਗੜਮਾਜਰਾ ਨੇੜੇ ਸਰਵਿਸ ਲੇਨ ‘ਤੇ ਆਪਣੀ ਕਾਰ ਰੋਕ ਲਈ। ਦੂਜੇ ਪਾਸੇ ਪੈਟਰੋਲ ਪੰਪ ਸੀ। ਉਹ ਪੰਪ ‘ਤੇ ਇਹ ਪੁੱਛਣ ਗਿਆ ਕਿ ਇਸ ਸਮੇਂ ਹਵਾ ਭਰੀ ਜਾਵੇਗੀ। ਉਸ ਦਾ ਲੜਕਾ ਵੀ ਨਾਲ ਜਾਣ ਦੀ ਜ਼ਿੱਦ ਕਰਨ ਲੱਗਾ ਤਾਂ ਉਹ ਨੈਸ਼ਨਲ ਹਾਈਵੇ ਪਾਰ ਕਰਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਦੂਜੇ ਪਾਸੇ ਚਲਾ ਗਿਆ। ਉਥੋਂ ਪੰਪ ਵਾਲਿਆਂ ਨੇ ਕਿਹਾ ਕਿ ਫਿਲਹਾਲ ਹਵਾ ਨਹੀਂ ਭਰੀ ਜਾ ਸਕਦੀ ਇਸ ਲਈ ਉਹ ਆਪਣੇ ਲੜਕੇ ਸਮੇਤ ਵਾਪਸ ਆ ਗਿਆ। ਕਾਰ ਵਿਚ ਦੇਖਿਆ ਕਿ ਉਸ ਦੀ ਪਤਨੀ ਬੇਹੋਸ਼ ਪਈ ਸੀ। ਪਤਨੀ ਦਾ ਪਰਸ ਗਾਇਬ ਸੀ। ਉਹ ਡਰ ਗਿਆ ਅਤੇ ਆਪਣੀ ਪਤਨੀ ਨੂੰ ਇਸੇ ਹਾਲਤ ਵਿਚ ਕਾਰ ਵਿਚ ਵਾਪਸ ਲੈ ਆਇਆ। ਸਾਹਨੇਵਾਲ ਦੇ ਇੱਕ ਹਸਪਤਾਲ ਵਿਚ ਜਦੋਂ ਚੈਕਅਪ ਕਰਾਇਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਨੂੰ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ। ਉੱਥੇ ਪਰਿਵਾਰ ਅਤੇ ਦੋਸਤਾਂ ਨੂੰ ਸਾਰੀ ਕਹਾਣੀ ਦੱਸੀ। ਫਿਰ ਖੰਨਾ ਪੁਲਿਸ ਨੂੰ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ।

ਇਸ ਸਬੰਧੀ ਡੀਐਸਪੀ ਭਾਟੀ ਨੇ ਦੱਸਿਆ ਕਿ ਗੌਰਵ ਕੁਮਾਰ ਖ਼ੁਦ ਆਪਣੇ ਬਿਆਨਾਂ ’ਚ ਫਸਦਾ ਰਿਹਾ। ਪਹਿਲਾਂ ਉਸ ਨੇ ਕਿਹਾ ਕਿ ਉਸ ਦੇ ਲੜਕੇ ਨੇ ਉਸ ਦੇ ਨਾਲ ਜਾਣ ਦੀ ਜ਼ਿੱਦ ਕੀਤੀ, ਫਿਰ ਜਦੋਂ ਉਸ ਦੇ ਲੜਕੇ ਨੂੰ ਇਕੱਲੇ ਪੁੱਛਿਆ ਗਿਆ ਤਾਂ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਕੁਰਕਰੇ ਦਿਲਾਉਣ ਦਾ ਲਾਲਚ ਦੇ ਕੇ ਨਾਲ ਲੈ ਗਿਆ ਸੀ। ਟਾਇਰ ਪੈਂਚਰ ਹੋਣ ਦੀ ਗੱਲ ਵੀ ਝੂਠੀ ਨਿਕਲੀ ਕਿਉਂਕਿ ਇਸੇ ਟਾਇਰ ਨਾਲ ਹੀ ਗੌਰਵ ਕਾਰ ਨੂੰ ਵਾਪਸ ਸ਼ਿਮਲਾਪੁਰੀ ਲੈ ਗਿਆ ਸੀ।

ਡੂੰਘਾਈ ਨਾਲ ਜਾਂਚ ਕਰਨ ‘ਤੇ ਗੌਰਵ ਨੇ ਖ਼ੁਦ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਰਸਤੇ ‘ਚ ਉਸ ਦੀ ਪਤਨੀ ਨਾਲ ਝਗੜਾ ਹੋਇਆ ਸੀ। ਉਸ ਨੇ ਆਪਣੇ ਲੜਕੇ ਨੂੰ ਕੁਰਕੁਰੇ ਦਾ ਲਾਲਚ ਦੇ ਕੇ ਕਾਰ ’ਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਸਿਰ ਡੈਸ਼ਬੋਰਡ ‘ਤੇ ਦੋ ਵਾਰ ਮਾਰਿਆ, ਜਿਸ ਕਾਰਨ ਉਸ ਦੀ ਪਤਨੀ ਬੇਹੋਸ਼ ਹੋ ਗਈ। ਉਹ ਆਪਣੇ ਬੇਟੇ ਨੂੰ ਪੈਟਰੋਲ ਪੰਪ ‘ਤੇ ਲੈ ਗਿਆ ਅਤੇ ਫਿਰ ਕਾਰ ਵਾਪਸ ਘਰ ਲੈ ਗਿਆ। ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ।