ਪੰਜਾਬ ‘ਚ ਬਣੇਗੀ ਨਵੀਂ ਸਿਆਸੀ ਪਾਰਟੀ ‘ਅਕਾਲੀ ਦਲ ਆਨੰਦਪੁਰ ਸਾਹਿਬ’, MP ਸਰਬਜੀਤ ਖਾਲਸਾ ਨੇ ਕੀਤਾ ਐਲਾਨ

0
239

ਫਰੀਦਕੋਟ, 4 ਜਨਵਰੀ | ਫਰੀਦਕੋਟ ਸੰਸਦੀ ਹਲਕੇ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਡਿਬਰੂਗੜ੍ਹ ਜੇਲ ਵਿਚ ਬੰਦ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਮੇਤ ਹੋਰ ਪੰਥਕ ਆਗੂਆਂ ਨਾਲ ਮਿਲ ਕੇ ਸੂਬੇ ਵਿਚ ਬਣਨ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਹੈ।

ਸ਼ਨੀਵਾਰ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ, ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਮੇਲੇ ਦੌਰਾਨ ਹੋਣ ਵਾਲੀ ਪੰਥ ਬਚਾਓ-ਪੰਜਾਬ ਬਚਾਓ ਕਾਨਫਰੰਸ ਵਿਚ ਕੀਤਾ ਜਾਵੇਗਾ।

ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਵਿਖੇ ਪਹੁੰਚੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ ਕਰ ਕੇ ਮਾਘੀ ਮੇਲੇ ‘ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸਾਰਿਆਂ ਨੂੰ ਨਵੀਂ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ

ਕੋਟਕਪੂਰਾ ‘ਚ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ, ਜਿਸ ‘ਚ ਸੂਬੇ ਭਰ ਤੋਂ ਸੰਪਰਦਾਈ ਅਤੇ ਚੰਗੇ ਕਿਰਦਾਰ ਵਾਲੇ ਲੋਕ ਸ਼ਾਮਲ ਹੋਣਗੇ, ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਲਈ ਸਿਆਸੀ ਤੌਰ ’ਤੇ ਲੜੇਗੀ।

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ ਨੂੰ ਬਚਾਉਣ ਲਈ ਨਵੀਂ ਸਿਆਸੀ ਪਾਰਟੀ ਦਾ ਗਠਨ ਜ਼ਰੂਰੀ ਹੋ ਗਿਆ ਹੈ ਅਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇਸ ਨਵੀਂ ਸਿਆਸੀ ਪਾਰਟੀ ਰਾਹੀਂ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣਗੇ।