ਪੰਜਾਬ ‘ਚ ਅਗਲੇ 7 ਦਿਨ ਮੌਸਮ ਰਹੇਗਾ ਖੁਸ਼ਕ, ਵਧੇਗੀ ਠੰਡ

0
1440

ਚੰਡੀਗੜ੍ਹ, 30 ਨਵੰਬਰ | ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ ਵੀ ਮੌਸਮ ਖੁਸ਼ਕ ਰਹੇਗਾ। ਅਜਿਹਾ ਹੀ ਮੌਸਮ ਅਗਲੇ ਸੱਤ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।

ਕੁਝ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਵੀ ਹੋਈ, ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਹਲਕੀ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਹਵਾਵਾਂ ਦੀ ਦਿਸ਼ਾ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਹੈ। ਤਾਜ਼ਾ ਬਰਫਬਾਰੀ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਦਿਨ ਅਤੇ ਰਾਤ ਦੇ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਆਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡ ਵਧੇਗੀ। ਜੇਕਰ ਕੱਲ ਦੀ ਗੱਲ ਕਰੀਏ ਤਾਂ ਆਦਮਪੁਰ ਵਿਚ ਸਭ ਤੋਂ ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 8.7 ਡਿਗਰੀ ਰਿਹਾ, ਜੋ ਆਮ ਨਾਲੋਂ 2.2 ਡਿਗਰੀ ਘੱਟ ਸੀ।

ਮੀਂਹ ਤੋਂ ਬਾਅਦ ਪ੍ਰਦੂਸ਼ਣ ਤੋਂ ਮਿਲ ਸਕਦੀ ਹੈ ਰਾਹਤ

ਮੀਂਹ ਨਾ ਪੈਣ ਕਾਰਨ ਉੱਤਰੀ ਭਾਰਤ ਕਰੀਬ ਡੇਢ ਮਹੀਨੇ ਤੋਂ ਪ੍ਰਦੂਸ਼ਣ ਦੀ ਲਪੇਟ ‘ਚ ਹੈ। ਮੀਂਹ ਪੈਣ ਤੋਂ ਬਾਅਦ ਹੀ ਪ੍ਰਦੂਸ਼ਣ ਦਾ ਪੱਧਰ ਘਟਣ ਦੀ ਸੰਭਾਵਨਾ ਹੈ। ਪੰਜਾਬ ਦੇ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਏਅਰ ਕੁਆਲਿਟੀ ਇੰਡੈਕਸ (AQI) ਇੱਕ ਵਾਰ ਫਿਰ 200 ਨੂੰ ਪਾਰ ਕਰ ਗਿਆ ਹੈ, ਜਦਕਿ ਹੋਰ ਸ਼ਹਿਰਾਂ ਵਿਚ ਇਹ 100 ਤੋਂ 200 ਦੇ ਵਿਚਕਾਰ ਹੈ ਪਰ ਚੰਡੀਗੜ੍ਹ ‘ਚ ਕੁਝ ਰਾਹਤ ਦੇਖਣ ਨੂੰ ਮਿਲੀ ਹੈ। ਹਵਾ ਦੀ ਦਿਸ਼ਾ ਪੱਛਮ ਵੱਲ ਹੋਣ ਕਾਰਨ ਹਵਾ ਪ੍ਰਦੂਸ਼ਣ ਵਿਚ ਮਾਮੂਲੀ ਤਬਦੀਲੀ ਆਈ ਹੈ। ਚੰਡੀਗੜ੍ਹ ਵਿਚ AQI 200 ਤੋਂ ਹੇਠਾਂ ਬਣਿਆ ਹੋਇਆ ਹੈ।