ਏਸ਼ੀਆ ‘ਚ ਸਭ ਤੋਂ ਵੱਧ ਟ੍ਰੈਫਿਕ ‘ਚ ਭਾਰਤ ਦੇ 2 ਸ਼ਹਿਰ ਟਾਪ ‘ਤੇ, ਵਰਲਡ ਲੈਵਲ ‘ਤੇ ਲੰਡਨ

0
467

ਨਵੀਂ ਦਿੱਲੀ, 5 ਨਵੰਬਰ | ਟੌਮਟੌਮ ਟ੍ਰੈਫਿਕ ਇੰਡੈਕਸ ਦੀ ਜਾਰੀ ਰਿਪੋਰਟ ਵਿਚ ਦੇਸ਼ ਦੇ 2 ਸ਼ਹਿਰ ਪੂਰੇ ਏਸ਼ੀਆ ਵਿਚ ਸਭ ਤੋਂ ਖਰਾਬ ਆਵਾਜਾਈ ਅਤੇ ਸਭ ਤੋਂ ਵੱਧ ਵਾਹਨਾਂ ਦੀ ਭੀੜ ਵਾਲੇ ਸ਼ਹਿਰਾਂ ਵਿਚ ਸਿਖਰ ‘ਤੇ ਹਨ। ਇਨ੍ਹਾਂ ‘ਚੋਂ ਬੇਂਗਲੁਰੂ ਪਹਿਲੇ ਸਥਾਨ ‘ਤੇ ਅਤੇ ਪੁਣੇ ਦੂਜੇ ਸਥਾਨ ‘ਤੇ ਹੈ।

ਬੈਂਗਲੁਰੂ ਵਿਚ ਇੱਕ ਚਾਰ ਪਹੀਆ ਵਾਹਨ ਵਿਚ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ 28.10 ਸਕਿੰਟ ਦਾ ਸਮਾਂ ਲੱਗਦਾ ਹੈ। ਪੁਣੇ ‘ਚ ਇਹੀ ਦੂਰੀ ਤੈਅ ਕਰਨ ‘ਚ 27 ਮਿੰਟ 50 ਸਕਿੰਟ ਦਾ ਸਮਾਂ ਲੱਗਦਾ ਹੈ।

ਇਸ ਤੋਂ ਇਲਾਵਾ ਨਵੀਂ ਦਿੱਲੀ 12ਵੇਂ ਅਤੇ ਮੁੰਬਈ 14ਵੇਂ ਸਥਾਨ ‘ਤੇ ਹੈ। ਔਸਤਨ, ਨਵੀਂ ਦਿੱਲੀ ਵਿਚ 10 ਕਿਲੋਮੀਟਰ ਤੈਅ ਕਰਨ ‘ਚ 21.20 ਮਿੰਟ ਦਾ ਸਮਾਂ ਲੱਗਦਾ ਹੈ ਤੇ ਮੁੰਬਈ ਵਿਚ ਇੰਨੀ ਦੂਰੀ ਤੈਅ ਕਰਨ ‘ਚ ਔਸਤਨ 21.40 ਮਿੰਟ ਲੱਗਦੇ ਹਨ।

ਵਿਸ਼ਵ ਪੱਧਰ ‘ਤੇ, ਬ੍ਰਿਟੇਨ ਦੀ ਰਾਜਧਾਨੀ ਲੰਡਨ ਅਤੇ ਆਇਰਲੈਂਡ ਦੀ ਰਾਜਧਾਨੀ ਡਬਲਿਨ, ਸਭ ਤੋਂ ਭੈੜੀ ਆਵਾਜਾਈ ਅਤੇ ਸਭ ਤੋਂ ਵੱਧ ਵਾਹਨਾਂ ਦੀ ਭੀੜ ਵਾਲੇ ਸ਼ਹਿਰ ਹਨ। 10 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਲਈ ਔਸਤ ਸਮਾਂ ਲੰਦਨ ਵਿਚ 37.20 ਮਿੰਟ ਅਤੇ ਡਬਲਿਨ ਵਿਚ 29.30 ਮਿੰਟ ਹੈ।

ਰਿਪੋਰਟ 55 ਦੇਸ਼ਾਂ ਦੇ 387 ਸ਼ਹਿਰਾਂ ਦੇ ਟ੍ਰੈਫਿਕ ਰੁਝਾਨ ਦੇ ਅੰਕੜਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਏਸ਼ੀਅਨ ਡਿਵੈਲਪਮੈਂਟ ਬੈਂਕ ਮੁਤਾਬਕ ਸ਼ਹਿਰਾਂ ਦੀ ਵਧਦੀ ਆਬਾਦੀ ਕਾਰਨ ਹਰ 6 ਸਾਲ ਬਾਅਦ ਸ਼ਹਿਰੀ ਵਾਹਨਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਅਨੁਸਾਰ ਵਿਕਾਸ ਨੂੰ ਬਰਕਰਾਰ ਰੱਖਣ ਲਈ ਏਸ਼ੀਆ ਨੂੰ 2030 ਤੱਕ ਲਗਭਗ 142 ਲੱਖ ਕਰੋੜ ਰੁਪਏ ਸਾਲਾਨਾ ਨਿਵੇਸ਼ ਕਰਨ ਦੀ ਜ਼ਰੂਰਤ ਹੋਏਗੀ। ਇਸ ਵਿੱਚੋਂ 30% ਤੋਂ ਵੱਧ ਟਰਾਂਸਪੋਰਟ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਖਰਚ ਕਰਨ ਦੀ ਲੋੜ ਹੋਵੇਗੀ। ਏਸ਼ੀਆ ਵਿਚ ਹਰ ਸਾਲ 44 ਮਿਲੀਅਨ ਲੋਕ ਸ਼ਹਿਰੀ ਆਬਾਦੀ ਵਿਚ ਸ਼ਾਮਲ ਹੁੰਦੇ ਹਨ।