ਬਠਿੰਡਾ, 30 ਅਕਤੂਬਰ | ਬੀਤੀ ਦੇਰ ਰਾਤ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ‘ਤੇ ਗਲਤ ਰੇਲਗੱਡੀ ‘ਤੇ ਸਵਾਰ ਇਕ ਯਾਤਰੀ ਉਤਰਦੇ ਸਮੇਂ ਟਰੇਨ ਦੀ ਚਪੇਟ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਉਕਤ ਯਾਤਰੀ ਨੇ ਕੋਟਕਪੂਰਾ ਜਾਣਾ ਸੀ ਪਰ ਉਹ ਗਲਤ ਟਰੇਨ ‘ਚ ਸਵਾਰ ਹੋ ਗਿਆ। ਉਸ ਨੂੰ ਗੱਡੀ ‘ਤੇ ਚੜ੍ਹਦੇ ਸਮੇਂ ਇਸ ਗਲਤੀ ਦਾ ਪਤਾ ਲੱਗਾ। ਜਦੋਂ ਉਸ ਨੇ ਆਪਣਾ ਸਮਾਨ ਆਦਿ ਚੁੱਕ ਕੇ ਟਰੇਨ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਲੇਟਫਾਰਮ ਅਤੇ ਟਰਨੇ ਦੀ ਚਪੇਟ ‘ਚ ਆ ਗਿਆ।
ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਜੀ.ਆਰ.ਪੀ. ਅਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਮੌਕੇ ‘ਤੇ ਪਹੁੰਚੇ। ਪੁਲਿਸ ਜਾਂਚ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਪੁੱਤਰ ਸ਼ਿਵਚਰਨ ਵਾਸੀ ਗਾਂਧੀ ਬਸਤੀ ਕੋਟਕਪੂਰਾ ਵਜੋਂ ਹੋਈ ਹੈ।









































