ਲੁਧਿਆਣਾ ‘ਚ ਸਵਾਰੀਆਂ ਕਾਰ ‘ਚ ਬਿਠਾਉਣ ਨੂੰ ਲੈ ਕੇ ਆਪਸ ‘ਚ ਲੜੇ ਟੈਕਸੀ ਚਾਲਕ, ਚੱਲੇ ਇੱਟਾਂ-ਰੋੜੇ

0
355

ਲੁਧਿਆਣਾ, 24 ਅਕਤੂਬਰ | ਦੇਰ ਰਾਤ ਲੁਧਿਆਣਾ ਵਿਚ ਹੰਗਾਮਾ ਹੋ ਗਿਆ। ਸ਼ੇਰਪੁਰ ਚੌਕ ਵਿਖੇ ਹੋਈ ਲੜਾਈ ਤੋਂ ਬਾਅਦ ਜਦੋਂ ਦੋਵੇਂ ਧਿਰਾਂ ਮੈਡੀਕਲ ਚੈੱਕਅਪ ਲਈ ਸਿਵਲ ਹਸਪਤਾਲ ਪਹੁੰਚੀਆਂ ਤਾਂ ਉਹ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਗਈਆਂ। ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਸਿਵਲ ਹਸਪਤਾਲ ਦੀ ਪੁਲਿਸ ਚੌਕੀ ਦੇ ਬਾਹਰ ਦੋਵੇਂ ਧੜੇ ਆਪਸ ਵਿਚ ਲੜ ਪਏ। ਇੱਕ ਧਿਰ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਸ ਦਾ ਦੋਸ਼ ਸੀ ਕਿ ਉਸ ਨੇ ਹਮਲਾਵਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਮਾਮਲਾ ਵਧਦਾ ਦੇਖ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਾਮਲਾ ਸੁਲਝਾ ਲਿਆ।

ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਨੀ-ਮਨੀ ਨਾਮ ਦੇ ਨੌਜਵਾਨ ਸ਼ੇਰਪੁਰ ਚੌਕ ਵਿਖੇ ਟੈਕਸੀ ਡਰਾਈਵਰ ਦਾ ਕੰਮ ਕਰਦੇ ਹਨ। ਇਹ ਲੋਕ ਚੌਕ ਵਿਚ ਗੁੰਡਾਗਰਦੀ ਕਰਦੇ ਹਨ ਅਤੇ ਸਵਾਰੀਆਂ ਨੂੰ ਆਪਣੀਆਂ ਟੈਕਸੀਆਂ ਵਿਚ ਬਿਠਾਉਂਦੇ ਹਨ। ਮੈਂ ਉਨ੍ਹਾਂ ਨੂੰ ਕਈ ਵਾਰ ਸਮਝਾਇਆ ਪਰ ਅੱਜ ਉਨ੍ਹਾਂ ਨੇ ਕੁਝ ਬਾਹਰੀ ਨੌਜਵਾਨਾਂ ਨੂੰ ਬੁਲਾ ਕੇ ਮੇਰੇ ਭਤੀਜੇ ਨਮਿਤ ਭੱਲਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਚੌਕ ’ਤੇ ਖੁੱਲ੍ਹੇਆਮ ਇੱਟਾਂ ਤੇ ਪੱਥਰ ਵੀ ਸੁੱਟੇ ਗਏ।

ਇਹ ਝੜਪ ਟੈਕਸੀ ਵਿਚ ਸਵਾਰੀਆਂ ਨੂੰ ਬਿਠਾਉਣ ਨੂੰ ਲੈ ਕੇ ਹੋਈ। ਸੁਖਵਿੰਦਰ ਨੇ ਦੱਸਿਆ ਕਿ ਪੁਲਿਸ ਚੌਕੀ ਸ਼ੇਰਪੁਰ ਵਿਖੇ ਸੂਚਨਾ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹਮਲਾਵਰ ਧਮਕੀਆਂ ਦਿੰਦੇ ਹੋਏ ਸਿਵਲ ਹਸਪਤਾਲ ਪੁੱਜੇ। ਸੁਖਵਿੰਦਰ ਨੇ ਚੌਕੀ ਇੰਚਾਰਜ ਹਰਪਾਲ ਸਿੰਘ ‘ਤੇ ਹਮਲਾਵਰਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਸੁਖਵਿੰਦਰ ਅਨੁਸਾਰ ਉਸ ਦੀ ਬਾਬਾ ਕੈਬ ਨਾਂ ਦੀ ਟੈਕਸੀ ਸਰਵਿਸ ਹੈ। ਉੱਥੇ ਰੋਜ਼ਾਨਾ ਗੱਡੀਆਂ ਲੱਦੀਆਂ ਜਾਂਦੀਆਂ ਹਨ। ਹਰ ਡਰਾਈਵਰ ਦੀ ਕਾਰ ਉਸ ਦੇ ਨੰਬਰ ਅਨੁਸਾਰ ਭਰੀ ਜਾਂਦੀ ਹੈ ਪਰ ਹਨੀ-ਮਨੀ ਨਾਮ ਦੇ ਨੌਜਵਾਨ ਜ਼ੋਰ-ਜ਼ਬਰਦਸਤੀ ਨਾਲ ਕਾਰਾਂ ਭਰ ਲੈਂਦੇ ਹਨ।

ਪੀੜਤ ਨਮਿਤ ਭੱਲਾ ਨੇ ਦੱਸਿਆ ਕਿ ਹਮਲਾਵਰਾਂ ਨੇ ਟੈਕਸੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਨੂੰ ਵੀ ਧਮਕੀਆਂ ਦਿੱਤੀਆਂ ਸਨ। ਅੱਜ ਉਸ ਦੀ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਉਸ ਦੇ ਸਿਰ ‘ਤੇ ਟਾਂਕੇ ਲੱਗੇ ਹਨ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਹਨੀ ਦਾ ਕਹਿਣਾ ਹੈ ਕਿ ਨਮਿਤ ਭੱਲਾ ਅਤੇ ਉਸ ਦੇ ਸਾਥੀ ਜਬਰੀ ਗੱਡੀਆਂ ਤੋਂ ਪੈਸੇ ਵਸੂਲਦੇ ਹਨ। ਉਸ ਨੇ ਕਿਸੇ ‘ਤੇ ਹਮਲਾ ਨਹੀਂ ਕੀਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)