ਲੁਧਿਆਣਾ, 9 ਅਕਤੂਬਰ | ਖੰਨਾ ਦੇ ਲਲਹੇੜੀ ਰੋਡ ‘ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਘਰ ਦੇ ਕੋਲ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਇੱਕ ਸਵਿਫਟ ਕਾਰ ਵਿਚ ਸਵਾਰ ਦੋ ਸ਼ਰਾਬੀ ਨੌਜਵਾਨਾਂ ਨੇ ਇੱਕ ਹੋਰ ਨੌਜਵਾਨ ਨੂੰ ਬੋਨਟ ਉੱਤੇ ਬਿਠਾ ਕੇ ਗੱਡੀ ਦੌੜਾਈ ਅਤੇ ਫਿਰ ਕਾਰ ਕੰਧ ‘ਚ ਜਾ ਮਾਰੀ। ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਦੋਵੇਂ ਨੌਜਵਾਨ ਕਾਰ ਛੱਡ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਵਾਪਰੀ। ਘਰਾਂ ਅੰਦਰ ਸੁੱਤੇ ਲੋਕ ਬਾਹਰ ਆ ਗਏ। ਦੇਖਿਆ ਗਿਆ ਕਿ ਮੰਤਰੀ ਦੇ ਘਰ ਨੇੜੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਸਵਿਫਟ ਕਾਰ ਆਦਰਸ਼ ਸਿਨੇਮਾ ਦੀ ਕੰਧ ਨਾਲ ਜਾ ਟਕਰਾਈ। ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਦੋ ਨੌਜਵਾਨ ਕਾਰ ‘ਚੋਂ ਉਤਰ ਕੇ ਭੱਜ ਗਏ। ਬੋਨਟ ਤੋਂ ਹੇਠਾਂ ਡਿੱਗੇ ਨੌਜਵਾਨ ਦਾ ਖੂਨ ਵਹਿ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਈਸ਼ਵਰ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ। ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਨੰਬਰ ਤੋਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਕਿ ਵਿਸ਼ਾਲ ਕਾਰ ਚਲਾ ਰਿਹਾ ਸੀ।