ਨਵਾਂਸ਼ਹਿਰ KC College ‘ਚ 100 ਤੋਂ ਵੱਧ ਬੈਡ ਦਾ ‘ਇਕਾਂਤਵਾਸ’ ਵਾਰਡ ਕੀਤਾ ਜਾਵੇਗਾ ਸਥਾਪਿਤ, ਡੀਸੀ ਨੇ ਲਿਆ ਜਾਇਜ਼ਾ

0
1503
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਕੇ ਸੀ ਕਾਲਜ ਵਿਖੇ ਕੋਵਿਡ ਕੇਅਰ ਸੈਂਟਰ ਦੇ ਨਾਲ ਕੁਆਰਨਟੀਨ ਸੁਵਿਧਾ ਦੀ ਕਾਇਮੀ ਬਾਰੇ ਮੀਟਿੰਗ ਕਰਨ ਬਾਅਦ ਮੁਆਇਨਾ ਕਰਦੇ ਹੋਏ।

ਨਵਾਂਸ਼ਹਿਰ. ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਕੁਆਰਨਟੀਨ ਸੈਂਟਰ ਰਿਆਤ ਕੈਂਪਸ ਰੈਲ ਮਾਜਰਾ ਦੇ ਨਾਲ-ਨਾਲ ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਵਿਖੇ ਵੀ 100 ਤੋਂ ਵੱਧ ਬੈਡ ਵਾਲਾ ‘ਇਕਾਂਤਵਾਸ’ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਰਿਆਤ ਦੇ ਨਾਲ-ਨਾਲ ਨਵਾਂਸ਼ਹਿਰ ਵਿਖੇ ਵੀ ‘ਕੁਆਰਨਟੀਨ’ ਸੁਵਿਧਾ ਦਾ ਪ੍ਰਬੰਧ ਕੀਤਾ ਜਾ ਸਕੇ।

ਇਹ ਪ੍ਰਗਟਾਵਾ ਡੀਸੀ ਵਿਨੈ ਬਬਲਾਨੀ ਨੇ ਅੱਜ ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹਤਿਆਤਨ ਤੌਰ ’ਤੇ ਨਵਾਂਸ਼ਹਿਰ ’ਚ ਵੀ ਇਕਾਂਤਵਾਸ ਕੇਂਦਰ ਸਥਾਪਿਤ ਕੀਤਾ ਜਾਣਾ ਜ਼ਰੂਰੀ ਹੈ, ਜਿਸ ਲਈ ਕੇ ਸੀ ਕਾਲਜ ਢੁਕਵਾਂ ਹੈ। ਉਨ੍ਹਾਂ ਮੀਟਿੰਗ ’ਚ ਏ ਡੀ ਸੀ (ਜ) ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਬੀਰ ਸਿੰਘ ਜੱਸੀ ਨੂੰ ਇਸ ਮੰਤਵ ਲਈ ਲੜਕਿਆਂ ਦੇ ਹੋਸਟਲ ਵਾਲੇ ਪਾਸੇ ਇਕਾਂਤਵਾਸ ਸੁਵਿਧਾ ਤਿਆਰ ਕਰਨ ਲਈ ਆਖਿਆ।

ਉਨ੍ਹਾਂ ਦੱਸਿਆ ਕਿ ਕੇ ਸੀ ਕਾਲਜ ਵਿਖੇ 380 ਬੈਡ ਦਾ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚੋਂ 100 ਤੋਂ ਵਧੇਰੇ ਬੈੱਡ ਕੁਆਰਨਟੀਨ ਸੁਵਿਧਾ ਵਜੋਂ ਵਰਤੋਂ ’ਚ ਲਿਆਂਦੇ ਜਾਣਗੇ। ਉਨ੍ਹਾਂ ਦੱਸਿਆ ਕਿ ਐਸ ਐਮ ਓ ਮੁਜੱਫ਼ਰਪੁਰ ਡਾ. ਐਨ ਕੇ ਸ਼ਰਮਾ ਇਸ ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਦੇ ਨਾਲ-ਨਾਲ ਕੁਆਰਨਟੀਨ ਸੁਵਿਧਾ ਦਾ ਵੀ ਕਾਰਜਭਾਰ ਸੰਭਾਲਣਗੇ ਜਦਕਿ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਇਸ ਦੇ ਨੋਡਲ ਅਫ਼ਸਰ ਹੋਣਗੇ।

ਉਨ੍ਹਾਂ ਸਿਵਲ ਸਰਜਨ ਨੂੰ ਕੁਆਰਨਟੀਨ ਸੁਵਿਧਾ ਲਈ ਸਟਾਫ਼ ਦੀ ਡਿਊਟੀ ਵੀ ਲਾਉਣ ਲਈ ਆਖਿਆ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਤਿਆਰ ਕੀਤਾ ਜਾ ਸਕੇ। ਫ਼ਿਲਹਾਲ ਇਹ ਸਟਾਫ਼ ਕੋਵਿਡ ਕੇਅਰ ਸੈਂਟਰ ਤੋਂ ਹੀ ਲਾਉਣ ਲਈ ਆਖਿਆ ਗਿਆ ਹੈ।

ਬਬਲਾਨੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਨਾਲ ਨਿਪਟਣ ਦੀ ਹਰੇਕ ਸੰਭਾਵਨਾਵਾਂ ਨੂੰ ਧਿਆਨ ’ਚ ਰੱਖ ਕੇ ਚੱਲ ਰਿਹਾ ਹੈ ਅਤੇ ਇਸ ਲਈ ਅਗਾਊਂ ਪ੍ਰਬੰਧ ਵੀ ਕਰ ਰਿਹਾ ਹੈ ਤਾਂ ਜੋ ਪੀੜਤਾਂ ਜਾਂ ਇਕਾਂਤਵਾਸ ’ਚ ਰੱਖੇ ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਰਹੇ। ਉਨ੍ਹਾਂ ਦੱਸਿਆ ਕਿ ਸਟੇਟ ਇਕਾਂਤਵਾਸ ਰੈਲ ਮਾਜਰਾ ’ਚ ਵੀ 100 ਦੇ ਕਰੀਬ ਵਿਅਕਤੀਆਂ ਨੂੰ ਰੱਖਿਆ ਜਾ ਸਕਦਾ ਹੈ ਅਤੇ ਕੇ ਸੀ ’ਚ ਵੀ ਇਕਾਂਤਵਾਸ ’ਚ 100 ਤੋਂ ਵਧੇਰੇ ਵਿਅਕਤੀਆਂ ਨੂੰ ਰੱਖਣ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਦੋਵੇਂ ਥਾਂਵਾਂ ਕੋਵਿਡ ਕੇਅਰ ਸੈਂਟਰ ਵਜੋਂ ਵੀ ਤਿਆਰ ਕੀਤੀਆਂ ਗਈਆਂ ਹਨ।