ਕੈਨੇਡਾ 1 ਨਵੰਬਰ ਤੋਂ ਵਰਕ ਪਰਮਿਟ ‘ਚ ਕਰਨ ਜਾ ਰਿਹਾ ਵੱਡੇ ਬਦਲਾਅ, ਹੁਣ ਆਸਾਨੀ ਨਾਲ ਨਹੀਂ ਮਿਲੇਗੀ PR

0
35

ਚੰਡੀਗੜਹ੍, 5 ਅਕਤੂਬਰ | ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਤੇ ਸਥਾਈ ਨਿਵਾਸੀਆਂ ਦੀ ਵੱਧ ਰਹੀ ਸੰਖਿਆ ਦਾ ਬਿਹਤਰ ਪ੍ਰਬੰਧਨ ਕਰਨ ਲਈ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਵਿਆਪਕ ਤਬਦੀਲੀਆਂ ਕਰ ਰਿਹਾ ਹੈ। ਰਿਪੋਰਟਾਂ ਅਨੁਸਾਰ 1 ਨਵੰਬਰ 2024 ਨੂੰ ਕੈਨੇਡਾ ਅਗਲੇ 3 ਸਾਲਾਂ ਲਈ ਆਪਣੀ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰੇਗਾ।

ਹਾਲ ਹੀ ਦੇ ਸਾਲਾਂ ਵਿਚ ਅਸਥਾਈ ਨਿਵਾਸੀਆਂ, ਖਾਸ ਕਰ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ ਕਰੇਗੀ। ਸਭ ਤੋਂ ਮਹੱਤਵਪੂਰਨ ਤਬਦੀਲੀ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਬਿਨੈਕਾਰਾਂ ਲਈ ਭਾਸ਼ਾ ਦੀ ਮੁਹਾਰਤ ਦੀ ਲੋੜ ਹੋਵੇਗੀ।

1 ਨਵੰਬਰ, 2024 ਤੋਂ ਬਾਅਦ ਸਾਰੇ ਬਿਨੈਕਾਰਾਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਵਿਚ ਘੱਟੋ-ਘੱਟ ਭਾਸ਼ਾ ਦੀ ਮੁਹਾਰਤ ਸਾਬਤ ਕਰਨੀ ਪਵੇਗੀ ਹੈ। ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਕੈਨੇਡੀਅਨ ਲੈਂਗੂਏਜ ਬੈਂਚਮਾਰਕ (CLB) ਵਿਚ ਲੈਵਲ 7 ਅਤੇ ਕਾਲਜ ਗ੍ਰੈਜੂਏਟਾਂ ਨੂੰ ਲੈਵਲ 5 ਪ੍ਰਾਪਤ ਕਰਨਾ ਪਵੇਗਾ। ਇਹ ਤਬਦੀਲੀ ਬਿਨੈਕਾਰਾਂ ਦੇ ਸਥਾਈ ਨਿਵਾਸ ਵਿਚ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ। ਹਾਲਾਂਕਿ, ਇਸ ਦੇ ਨਤੀਜੇ ਵਜੋਂ ਅਗਲੇ ਤਿੰਨ ਸਾਲਾਂ ਵਿਚ ਪੋਸਟ-ਗ੍ਰੈਜੂਏਟ ਵਰਕ ਪਰਮਿਟਾਂ ਦੀ ਗਿਣਤੀ ਵਿਚ 175,000 ਦੀ ਕਮੀ ਆਵੇਗੀ।

ਇਸ ਤੋਂ ਇਲਾਵਾ 2025 ਤੋਂ ਪਤੀ-ਪਤਨੀ ਦੇ ਓਪਨ ਵਰਕ ਪਰਮਿਟ ‘ਤੇ ਵੀ ਸੀਮਾਵਾਂ ਲਗਾਈਆਂ ਜਾਣਗੀਆਂ। ਇਹ ਵਰਕ ਪਰਮਿਟ ਸਿਰਫ਼ ਉੱਚ ਹੁਨਰਮੰਦ ਕਾਮਿਆਂ ਜਿਵੇਂ ਕਿ ਇੰਜੀਨੀਅਰਾਂ, ਵਕੀਲਾਂ, ਵਿਗਿਆਨੀਆਂ ਅਤੇ ਉਦਯੋਗਾਂ ਵਿਚ ਕੰਮ ਕਰਨ ਵਾਲਿਆਂ ਦੇ ਜੀਵਨ ਸਾਥੀਆਂ ਨੂੰ ਹੀ ਦਿੱਤਾ ਜਾਵੇਗਾ, ਜਿੱਥੇ ਮਜ਼ਦੂਰਾਂ ਦੀ ਭਾਰੀ ਘਾਟ ਹੈ।

ਹਾਲਾਂਕਿ, ਉਸਾਰੀ ਅਤੇ ਸਿਹਤ ਸੰਭਾਲ ਵਰਗੇ ਨਾਜ਼ੁਕ ਖੇਤਰਾਂ ਵਿਚ ਕੰਮ ਕਰਦੇ ਕਾਮਿਆਂ ਦੇ ਜੀਵਨ ਸਾਥੀ ਇਨ੍ਹਾਂ ਪਰਮਿਟਾਂ ਲਈ ਯੋਗ ਬਣੇ ਰਹਿਣਗੇ। ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਤਬਦੀਲੀਆਂ ਨਾਲ ਅਗਲੇ ਤਿੰਨ ਸਾਲਾਂ ਵਿਚ ਲਗਭਗ 100,000 ਘੱਟ ਪਤੀ-ਪਤਨੀ ਵਰਕ ਪਰਮਿਟ ਜਾਰੀ ਹੋਣਗੇ।

ਅੰਤ ਵਿਚ 1 ਨਵੰਬਰ ਤੱਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ 2025 ਤੋਂ 2027 ਲਈ ਇੱਕ ਵਿਸਤ੍ਰਿਤ ਇਮੀਗ੍ਰੇਸ਼ਨ ਯੋਜਨਾ ਪੇਸ਼ ਕਰਨਗੇ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਨਵੇਂ ਨਿਵਾਸੀਆਂ ਦਾ ਸੁਆਗਤ ਕਰਨਾ ਅਤੇ ਕੈਨੇਡਾ ਦੀਆਂ ਆਰਥਿਕ ਅਤੇ ਮਜ਼ਦੂਰ ਲੋੜਾਂ ਵਿਚਕਾਰ ਸੰਤੁਲਨ ਕਾਇਮ ਕਰਨਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)