ਲੁਧਿਆਣਾ : ਗਲੀ ‘ਚ ਲੱਗੀ ਮੋਟਰ ਤੋਂ ਪਾਣੀ ਭਰਨ ‘ਤੇ ਕੀਤਾ ਔਰਤ ਦੇ ਘਰ ‘ਤੇ ਹਮਲਾ, ਕੁੱਟਮਾਰ ਕਰ ਕੇ ਭੰਨੀ ਕਾਰ ਤੇ ਬਾਰੀਆਂ

0
574

ਲੁਧਿਆਣਾ | ਜਗਰਾਓਂ ਦੇ ਪਿੰਡ ਝੋਰੜਾਂ ‘ਚ ਗਲੀ ‘ਚ ਲੱਗੀ ਮੋਟਰ ‘ਚੋਂ ਪਾਣੀ ਭਰਨ ‘ਤੇ ਕੁਝ ਲੋਕਾਂ ਨੇ ਇਕ ਔਰਤ ਦੇ ਘਰ ‘ਚ ਦਾਖਲ ਹੋ ਕੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਵਿਚ ਖੜ੍ਹੀ ਕਾਰ ਅਤੇ ਬਾਈਕ ਦੀ ਭੰਨ-ਤੋੜ ਕੀਤੀ। ਇਸ ਦੇ ਨਾਲ ਹੀ ਖਿੜਕੀਆਂ ਸਮੇਤ ਹੋਰ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ।

ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੋ ਔਰਤਾਂ ਸਮੇਤ 21 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।  ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਉਰਫ਼ ਕਾਲੀ, ਜੱਗਾ ਸਿੰਘ, ਟਹਿਲ ਸਿੰਘ, ਗੁਰਜੰਟ ਸਿੰਘ, ਰਾਣੀ ਕੌਰ, ਕਮਲ ਕੌਰ ਸਮੇਤ 15 ਅਣਪਛਾਤੇ ਵਿਅਕਤੀ ਪਿੰਡ ਝੋਰੜਾਂ ਵਜੋਂ ਹੋਈ ਹੈ।

ਇਸ ਸਬੰਧੀ ਥਾਣਾ ਹਠੂਰ ਦੇ ਏ.ਐਸ.ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਹਰਜੀਤ ਕੌਰ ਵਾਸੀ ਪਿੰਡ ਝੋਰੜਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਿਸੇ ਨੇ ਦਾਨ ਵਜੋਂ ਉਸ ਦੀ ਗਲੀ ਵਿਚ ਪਾਣੀ ਦੀ ਮੋਟਰ ਲਗਵਾਈ ਹੈ, ਜਿਸ ਨਾਲ ਮੁਹੱਲਾ ਨਿਵਾਸੀਆਂ ਸਮੇਤ ਪਿੰਡ ਦੇ ਲੋਕਾਂ ਨੂੰ ਪਾਣੀ ਲਈ ਤਰਸਣਾ ਨਹੀਂ ਪੈਂਦਾ। ਉਹ ਦੁਪਹਿਰ ਵੇਲੇ ਆਪਣੀ ਭਰਜਾਈ ਅਤੇ ਮਾਸੀ ਨਾਲ ਪਾਣੀ ਭਰ ਕੇ ਘਰ ਬੈਠੀ ਸੀ ਅਤੇ ਗੱਲਾਂ ਕਰ ਰਹੀ ਸੀ। ਇਸੇ ਦੌਰਾਨ ਮੁਲਜ਼ਮ ਜਸਕਰਨ ਸਿੰਘ, ਜੱਗਾ ਸਿੰਘ ਅਤੇ ਟਹਿਲ ਸਿੰਘ, ਗੁਰਜੰਟ ਸਿੰਘ, ਰਾਣੀ ਕੌਰ ਅਤੇ ਕਮਲ ਕੌਰ ਆਪਣੇ ਹੋਰ ਸਾਥੀਆਂ ਨਾਲ ਹੱਥਾਂ ਵਿੱਚ ਹਥਿਆਰ ਲੈ ਕੇ ਉਸ ਦੇ ਘਰ ਵਿੱਚ ਦਾਖਲ ਹੋ ਗਏ।

ਜਿਵੇਂ ਹੀ ਮੁਲਜ਼ਮ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਬਿਨਾਂ ਗੱਲ ਕੀਤਿਆਂ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੁੱਟਮਾਰ ਕਰਨ ਦੇ ਨਾਲ-ਨਾਲ ਮੁਲਜ਼ਮਾਂ ਨੇ ਘਰ ਵਿਚ ਖੜ੍ਹੀ ਕਾਰ ਅਤੇ ਸਾਈਕਲ ਸਮੇਤ ਘਰ ਦੀਆਂ ਖਿੜਕੀਆਂ ਅਤੇ ਹੋਰ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਹਠੂਰ ਥਾਣੇ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ । ਪੀੜਤ ਔਰਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਇਸ ਗੱਲ ਨੂੰ ਲੈ ਕੇ ਰੰਜਿਸ਼ ਹੈ ਕਿ ਉਹ ਗਲੀ ਵਿਚ ਲੱਗੀ ਪਾਣੀ ਦੀ ਮੋਟਰ ਤੋਂ ਪਾਣੀ ਕਿਉਂ ਭਰਦੇ ਹਨ। ਇਸ ਲਈ ਉਸ ‘ਤੇ ਹਮਲਾ ਕੀਤਾ ਗਿਆ ਹੈ।