ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਅਕਤੂਬਰ ‘ਚ ਵਿਧਾਨ ਸਭਾ ਚੋਣਾਂ, ਪੰਜਾਬੀ ਮੂਲ ਦੀਆਂ 11 ਔਰਤਾਂ ਚੋਣ ਮੈਦਾਨ ‘ਚ

0
393

ਚੰਡੀਗੜ੍ਹ | ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 43ਵੀਆਂ ਵਿਧਾਨ ਸਭਾ ਚੋਣਾਂ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪੰਜਾਬੀ ਮੂਲ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਬੀ.ਸੀ. ਦੇ ਕਈ ਇਲਾਕੇ ਅਜਿਹੇ ਹਨ, ਜਿਥੇ ਪੰਜਾਬੀਆਂ ਦਾ ਬਹੁਤ ਦਬਦਬਾ ਹੈ। ਇਸ ਵਾਰ ਪੰਜਾਬੀ ਮੂਲ ਦੀਆਂ 11 ਔਰਤਾਂ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚੋਂ 9 ਔਰਤਾਂ ਨੇ ਐਨਡੀਪੀ ਵੱਲੋਂ ਚੋਣ ਲੜੀ ਹੈ।

ਕੰਜ਼ਰਵੇਟਿਵ ਪਾਰਟੀ ਨੇ ਇੱਕ ਔਰਤ ਨੂੰ ਟਿਕਟ ਦਿੱਤੀ ਹੈ, ਜਦਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। 42ਵੀਂ ਵਿਧਾਨ ਸਭਾ ਵਿਚ ਬੀਸੀ ਦੇ ਅਟਾਰਨੀ ਜਨਰਲ ਰਹਿ ਚੁੱਕੇ ਨਿੱਕੀ ਸ਼ਰਮਾ, ਸਿੱਖਿਆ ਮੰਤਰੀ ਰਚਨਾ ਸਿੰਘ, ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ, ਵਿਧਾਇਕ ਜਿੰਨੀ ਸਿਮਜ ਮੁੜ ਚੋਣ ਮੈਦਾਨ ਵਿਚ ਹਨ, ਜਦਕਿ ਕਾਮਲੂਪਸ ਸੈਂਟਰਲ ਖੇਤਰ ਤੋਂ ਕਮਲ ਗਰੇਵਾਲ, ਲੰਗਾਰਾ ਤੋਂ ਸੁਨੀਤਾ ਧੀਰ, ਸਾਰਾਹ ਕੁੰਨਰ, ਜੱਸੀ ਸੁੰਨਾਦ, ਰੀਆ ਅਰੋੜਾ ਚੋਣ ਮੈਦਾਨ ਵਿਚ ਹਨ। ਡਾ. ਜੋਤੀ ਤੂਰ ਕੰਜ਼ਰਵੇਟਿਵ ਪੱਖ ਤੋਂ ਅਤੇ ਦਪਿੰਦਰ ਕੌਰ ਸਰਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

2020 ‘ਚ ਅੱਠ ਪੰਜਾਬੀਆਂ ਨੇ ਜਿੱਤੀ
2020 ‘ਚ ਬੀ.ਸੀ. ਚੋਣਾਂ ਵਿਚ ਅੱਠ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਵਿਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ਼ (ਸਰੀ ਪੈਨੋਰਮਾ), ਹੈਰੀ ਬੈਂਸ (ਸਰੀ ਨਿਊਟਨ), ਰਵੀ ਕਾਹਲੋਂ (ਉੱਤਰੀ ਡੈਲਟਾ), ਰਾਜ ਚੌਹਾਨ (ਬਰਨਬੀ ਐਡਮੰਡਜ਼), ਐਡਵੋਕੇਟ ਅਮਨਦੀਪ ਸਿੰਘ (ਰਿਚਮੰਡ ਕੁਈਨਜ਼ਬਰੋ), ਰਚਨਾ ਸਿੰਘ (ਸਰੀ-ਗ੍ਰੇਨ) ਸ਼ਾਮਲ ਹਨ। ਟਿੰਬਰਜ਼) ਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼)। ਪਿਛਲੀਆਂ ਚੋਣਾਂ ਵਿਚ 22 ਪੰਜਾਬੀ ਮੈਦਾਨ ਵਿਚ ਸਨ। ਇਨ੍ਹਾਂ ਵਿੱਚੋਂ 11 ਸੱਤਾਧਾਰੀ ਪਾਰਟੀ ਐਨਡੀਪੀ ਵੱਲੋਂ ਨੌਂ ਲਿਬਰਲ ਪਾਰਟੀ ਅਤੇ ਦੋ ਗਰੀਨ ਪਾਰਟੀ ਵੱਲੋਂ ਚੋਣ ਲੜ ਰਹੇ ਸਨ।

ਬੀ.ਸੀ. ਦੇ ਕਈ ਖੇਤਰ ਅਜਿਹੇ ਹਨ, ਜਿੱਥੇ ਜਿੱਤ-ਹਾਰ ਦਾ ਫੈਸਲਾ ਪੰਜਾਬੀ ਮੂਲ ਦੇ ਲੋਕ ਕਰਦੇ ਹਨ। ਵੈਨਕੂਵਰ, ਸਰੀਨ, ਵਿਕਟੋਰੀਆ ਇਸ ਵਿਚ ਵਿਸ਼ੇਸ਼ ਤੌਰ ‘ਤੇ ਪ੍ਰਮੁੱਖ ਹਨ । 2021 ਦੀ ਜਨਗਣਨਾ ਅਨੁਸਾਰ ਕੈਨੇਡਾ ਦੀ ਕੁੱਲ ਆਬਾਦੀ 3 ਕਰੋੜ 70 ਲੱਖ ਹੈ । ਕੁੱਲ ਆਬਾਦੀ ਦਾ 4 ਫੀਸਦੀ ਭਾਵ ਲਗਭਗ 16 ਲੱਖ ਕੈਨੇਡੀਅਨ ਭਾਰਤੀ ਮੂਲ ਦੇ ਹਨ। ਇਸ ਦੇ ਨਾਲ ਹੀ ਕਰੀਬ 7 ਲੱਖ 70 ਹਜ਼ਾਰ ਸਿਰਫ਼ ਸਿੱਖ ਹਨ। ਕੈਨੇਡਾ ਵਿਚ ਸਿੱਖਾਂ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ। ਸਿੱਖ ਕੈਨੇਡਾ ਵਿਚ ਈਸਾਈ, ਮੁਸਲਮਾਨਾਂ ਅਤੇ ਹਿੰਦੂਆਂ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਧਾਰਮਿਕ ਸਮੂਹ ਹੈ। ਇੰਨਾ ਹੀ ਨਹੀਂ ਕੈਨੇਡਾ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਤੀਜੀ ਸਭ ਤੋਂ ਵੱਧ ਪ੍ਰਸਿੱਧ ਭਾਸ਼ਾ ਹੈ। ਕੈਨੇਡਾ ਵਿਚ ਜ਼ਿਆਦਾਤਰ ਸਿੱਖ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚ ਰਹਿੰਦੇ ਹਨ। ਬੀ.ਸੀ. ਵਿਚ ਚੋਣਾਂ ਚੱਲ ਰਹੀਆਂ ਹਨ ਅਤੇ ਪੰਜਾਬੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ।