ਪੰਜਾਬ ਪੁਲਿਸ ਨੇ ਸਰਹੱਦ ਪਾਰ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼, 4 ਪਿਸਤੌਲਾਂ ਸਣੇ 2 ਮੁਲਜ਼ਮ ਗ੍ਰਿਫਤਾਰ

0
355

 ਅੰਮ੍ਰਿਤਸਰ | ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਰਾਜ ਦੇ ਡੀਜੀਪੀ ਗੌਰਵ ਯਾਦਵ ਨੇ ਟਵਿੱਟਰ ‘ਤੇ ਟਵੀਟ ਕੀਤਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਚਾਰ ਗਲਾਕ-26 ਪਿਸਤੌਲ ਬਰਾਮਦ ਹੋਏ ਹਨ। ਸਰਹੱਦ ਪਾਰ ਤਸਕਰੀ ਦੇ ਮਾਡਿਊਲ ਦਾ ਇਹ ਪਰਦਾਫਾਸ਼ ਇੱਕ ਵੱਡੀ ਕਾਮਯਾਬੀ ਹੈ।

ਡੀਜੀਪੀ ਨੇ ਲਿਖਿਆ ਕਿ ਮੁਲਜ਼ਮ ਪਾਕਿਸਤਾਨ ਵਿਚ ਮੌਜੂਦ ਸਮੱਗਲਰਾਂ ਦੇ ਸੰਪਰਕ ਵਿਚ ਹਨ, ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਭਾਰਤੀ ਖੇਤਰ ‘ਚ ਭੇਜ ਰਹੇ ਹਨ। ਬੈਕਵਰਡ ਅਤੇ ਫਾਰਵਰਡ ਲਿੰਕੇਜ ਸਥਾਪਤ ਕਰਨ ਲਈ ਜਾਂਚ ਚੱਲ ਰਹੀ ਹੈ।

ਦੂਜੇ ਪਾਸੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਵੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਸਰਹੱਦ ਨੇੜਿਓਂ 2.8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸ਼ੁੱਕਰਵਾਰ ਨੂੰ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਡੱਲ ਨੇੜੇ ਇੱਕ ਮੋਟਰਸਾਈਕਲ ਸਮੇਤ 2.8 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੀ ਸ਼ੱਕੀ ਹੈਰੋਇਨ ਦੇ ਪੰਜ ਪੈਕੇਟ ਬਰਾਮਦ ਕੀਤੇ।

ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਸ਼ੁੱਕਰਵਾਰ ਨੂੰ ਤਰਨਤਾਰਨ ਜ਼ਿਲੇ ਦੇ ਪਿੰਡ ਡੱਲ ਨੇੜੇ ਇੱਕ ਚੌਕੀ ‘ਤੇ ਡਿਊਟੀ ‘ਤੇ ਸਨ। ਜਦੋਂ ਉਨ੍ਹਾਂ ਨੇ ਮੋਟਰਸਾਈਕਲ ‘ਤੇ ਦੋ ਵਿਅਕਤੀਆਂ ਦੀ ਸ਼ੱਕੀ ਗਤੀਵਿਧੀ ਦੇਖੀ।

ਬੀਐਸਐਫ ਦੇ ਜਵਾਨਾਂ ਨੇ ਜਿਵੇਂ ਹੀ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ। ਇਸ ਵਿਚ ਕਿਹਾ ਗਿਆ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਬਾਈਕ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੰਜਾਬ ਪੁਲਿਸ ਦੀ ਮਦਦ ਨਾਲ ਆਸਪਾਸ ਦੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ।