ਫਿਰੋਜ਼ਪੁਰ, 15 ਜੁਲਾਈ | ਪਿੰਡ ਕੁੰਡਿਆਂ ਵਿੱਚ ਡੀਜੇ ‘ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤੂੰ-ਤੂੰ ਮੈਂ-ਮੈਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਇੱਕ ਧਿਰ ਵੱਲੋਂ ਗੁੱਸੇ ‘ਚ ਆਕੇ ਦੂਜੀ ਧਿਰ ਦੇ ਘਰ ਉੱਪਰ ਇੱਟਾਂ-ਰੋੜਿਆ ਦਾ ਮੀਂਹ ਵਰ੍ਹਾ ਦਿੱਤਾ ਅਤੇ ਇੱਟਾਂ ਮਾਰ-ਮਾਰ ਘਰ ਅੰਦਰ ਭੰਨਤੋੜ ਕਰ ਦਿੱਤੀ ਗਈ।
ਗੁੱਸੇ ‘ਚ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਉੱਪਰ ਕਿਰਪਾਨਾ ਨਾਲ ਹਮਲਾ ਕਰਕੇ ਦੋ ਜਣਿਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਦਾ ਹੈ ਜਿੱਥੇ ਦੇਰ ਰਾਤ ਵਿਆਹ ‘ਤੇ ਡੀਜੇ ਚੱਲ ਰਿਹਾ ਸੀ ਅਤੇ ਗਾਣੇ ਤੇ ਨੱਚਣ ਨੂੰ ਲੈਕੇ ਦੋ ਧਿਰਾਂ ਵਿਚਾਲੇ ਵਿਵਾਦ ਬਣ ਗਿਆ। ਤੜਕਸਾਰ ਹੁੰਦੇ ਹੀ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ ਗਿਆ। ਇੱਕ ਧਿਰ ਵੱਲੋਂ ਭੰਨਤੋੜ ਕੀਤੀ ਗਈ ਤੇ ਦੂਜੀ ਧਿਰ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ 2 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਦੋਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।