ਵੱਡੀ ਖਬਰ : NIA ਨੇ ਗੈਂਗਸਟਰ ਗੋਲਡੀ ਬਰਾੜ ‘ਤੇ ਰੱਖਿਆ 10 ਲੱਖ ਦਾ ਇਨਾਮ, ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ‘ਚ ਲਿਆ ਐਕਸ਼ਨ

0
2766

ਚੰਡੀਗੜ੍ਹ | ਸਭ ਤੋਂ ਪੌਸ਼ ਅਤੇ ਵੀਵੀਆਈਪੀ ਸੈਕਟਰ-5 ‘ਚ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਗੋਲੀਬਾਰੀ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਹੁਣ ਇਸ ਮਾਮਲੇ ‘ਚ ਐਨਆਈਏ ਦੀ ਜਾਂਚ ਟੀਮ ਨੇ ਲੰਮੇ ਸਮੇਂ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਉਸ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਵਾਸੀ ਰਾਜਪੁਰਾ ਪੰਜਾਬ ’ਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਹਾਲਾਂਕਿ ਜਾਂਚ ਏਜੰਸੀ ਨੇ ਇਸ ਗੋਲੀਬਾਰੀ ਦੇ ਮਾਮਲੇ ‘ਚ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਕੁਝ ਮਹੀਨੇ ਪਹਿਲਾਂ ਸੈਕਟਰ-5 ਸਥਿਤ ਕਾਰੋਬਾਰੀ ਮੱਕੜ ਬ੍ਰਦਰਜ਼ ਦੇ ਘਰ ‘ਤੇ ਤੜਕੇ ਫਾਇਰਿੰਗ ਕੀਤੀ ਗਈ ਸੀ। ਉਸ ਸਮੇਂ ਵਪਾਰੀ ਕੁਲਦੀਪ ਸਿੰਘ ਮੱਕੜ ਆਪਣੇ ਘਰ ਸੌਂ ਰਿਹਾ ਸੀ। ਇਸ ਤੋਂ ਪਹਿਲਾਂ ਮੱਕੜ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਦਿਆਂ ਉਸ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਬਾਅਦ ‘ਚ ਦੋਸ਼ੀਆਂ ਨੇ ਉਸ ਨੂੰ ਦੁਬਾਰਾ ਬੁਲਾਇਆ ਅਤੇ 2 ਦੀ ਬਜਾਏ 3 ਕਰੋੜ ਰੁਪਏ ਦੀ ਮੰਗ ਕੀਤੀ।

ਇਸ ਮਾਮਲੇ ‘ਚ ਸੀਸੀਟੀਵੀ ਫੁਟੇਜ ਰਾਹੀਂ ਜਾਂਚ ਟੀਮਾਂ ਨੇ ਸਭ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਨੇੜੇ ਪਿੰਡ ਕਰਤਾਰਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਰਿਮਾਂਡ ਦੌਰਾਨ ਕਈ ਖੁਲਾਸੇ ਕੀਤੇ। ਕੜੀਆਂ ਜੋੜਦਿਆਂ ਜਾਂਚ ਟੀਮਾਂ ਨੇ ਇਕ-ਇਕ ਕਰ ਕੇ ਇਸ ਮਾਮਲੇ ‘ਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾਡੀ ਤੋਂ ਇਲਾਵਾ ਇਨ੍ਹਾਂ ‘ਚ ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ, ਸਰਬਜੀਤ ਉਰਫ ਸ਼ਰਭੂ, ਅੰਮ੍ਰਿਤਪਾਲ ਉਰਫ ਗੁੱਜਰ, ਕਮਲਪ੍ਰੀਤ ਸਿੰਘ, ਕਾਸ਼ੀ ਸਿੰਘ ਉਰਫ ਹੈਪੀ, ਪ੍ਰੇਮ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੋਲਡੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ, ਜਿਸ ਤੋਂ ਬਾਅਦ ਜਾਂਚ ਟੀਮ ਨੇ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ।

ਇਸ ਮਾਮਲੇ ‘ਚ ਐਨਆਈਏ ਦੀ ਜਾਂਚ ਟੀਮ ਨੇ ਕੁਝ ਸਮਾਂ ਪਹਿਲਾਂ ਸੀਬੀਆਈ ਅਦਾਲਤ ‘ਚ ਖ਼ੁਲਾਸਾ ਕੀਤਾ ਸੀ ਕਿ ਇਸ ਕੇਸ ‘ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਅੰਮ੍ਰਿਤਪਾਲ ਅਤੇ ਕਮਲਪ੍ਰੀਤ ਗੋਲਡੀ ਬਰਾੜ ਦੇ ਪੈਸਿਆਂ ਦਾ ਹਿਸਾਬ-ਕਿਤਾਬ ਰੱਖ ਰਹੇ ਸਨ। ਅੰਮ੍ਰਿਤਪਾਲ ਨੇ ਗੋਲਡੀ ਬਰਾੜ ਨਾਲ ਫੋਨ ਰਾਹੀਂ ਸੰਪਰਕ ਰੱਖਿਆ। ਦਰਅਸਲ ਇਹ ਦੋਵੇਂ ਅੱਤਵਾਦੀ ਗਤੀਵਿਧੀਆਂ ਸਮੇਤ ਡਰੱਗ ਤਸਕਰੀ ਦੇ ਵੱਡੇ ਮਾਮਲਿਆਂ ‘ਚ ਸ਼ਾਮਲ ਪਾਏ ਗਏ ਸਨ।

ਇਸ ਲਈ ਪਹਿਲਾਂ ਦਰਜ ਕੀਤੇ ਗਏ ਕੇਸ ‘ਚ ਉਨ੍ਹਾਂ ਵਿਰੁੱਧ ਯੂਏਪੀਏ ਦੀ ਧਾਰਾ 43-ਡੀ (2) (ਏ) ਵੀ ਲਗਾਈ ਗਈ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਅਨੁਸਾਰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਬਰਾੜ ਢਿੱਲੋਂ ਉਸ ਨੂੰ ਕਿਊਆਰ ਕੋਡ ਅਤੇ ਬੈਂਕ ਖਾਤੇ ‘ਚ ਨਸ਼ੀਲੇ ਪਦਾਰਥਾਂ ਦੀ ਕਮਾਈ ਦਾ ਕੁਝ ਹਿੱਸਾ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਨਾਲ ਭੇਜਦਾ ਸੀ। ਇਸ ਤੋਂ ਇਲਾਵਾ ਉਹ ਮੁਲਜ਼ਮ ਗੋਲਡੀ ਬਰਾੜ ਵੱਲੋਂ ਅੱਤਵਾਦੀ ਫੰਡਾਂ ਅਤੇ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਚੈਨਲਾਈਜ਼ ਕਰਨ ਲਈ ਸੁਝਾਏ ਬੈਂਕ ਖਾਤੇ ‘ਚ ਰਕਮ ਜਮ੍ਹਾਂ ਕਰਵਾਉਣ ਲਈ ਆਪਣੇ ਦੋਸਤ ਦੇ ਬੈਂਕ ਖਾਤੇ ਦੀ ਵਰਤੋਂ ਕਰਦਾ ਸੀ।