ਲੁਧਿਆਣਾ | ਇਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। 15 ਸਾਲਾ ਲੜਕੀ ਘਰੇਲੂ ਝਗੜੇ ਕਾਰਨ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰੋਂ ਭੱਜ ਗਈ ਸੀ । ਜਦੋਂ ਉਹ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਇਕ ਨੌਜਵਾਨ ਨੇ ਉਸ ਨਾਲ ਗੱਲਬਾਤ ਕਰ ਲਈ।
ਦੱਸਿਆ ਜਾਂਦਾ ਹੈ ਕਿ ਨੌਜਵਾਨ ਲੜਕੀ ਨੂੰ ਆਪਣੇ ਕਮਰੇ ਵਿਚ ਲੈ ਗਿਆ। ਉਸ ਨੂੰ 20 ਦਿਨਾਂ ਤੱਕ ਆਪਣੇ ਕੋਲ ਰੱਖਿਆ, ਜਿੱਥੇ ਤਿੰਨ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਕੰਮ ਨਾ ਮਿਲਣ ਨੂੰ ਲੈ ਕੇ ਜਦੋਂ ਲੜਕੀ ਦੀ ਦੋਸ਼ੀ ਨੌਜਵਾਨ ਨਾਲ ਲੜਾਈ ਹੋ ਗਈ ਤਾਂ ਦੋਸ਼ੀ ਨੌਜਵਾਨ ਲੜਕੀ ਨੂੰ ਉਸ ਦੇ ਘਰ ਦੇ ਕੋਲ ਛੱਡ ਕੇ ਭੱਜ ਗਿਆ। ਹੈਬੋਵਾਲ ਥਾਣੇ ਦੀ ਜਗਤਪੁਰੀ ਚੌਕੀ ਦੀ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ।
ਜਾਣਕਾਰੀ ਦਿੰਦਿਆਂ ਜਗਤਪੁਰੀ ਪੁਲਿਸ ਚੌਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਆਪਣੇ ਜਾਣ-ਪਛਾਣ ਵਾਲੇ ਇਕ ਨੌਜਵਾਨ ਨਾਲ ਗੱਲ ਕਰਦੀ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਗੁੱਸੇ ਵਿਚ ਆ ਕੇ ਘਰੋਂ ਚਲੀ ਗਈ। ਉਹ 8 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰਕ ਮੈਂਬਰ 16 ਅਪਰੈਲ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਭਾਲ ਕੀਤੀ। 25 ਅਪ੍ਰੈਲ ਨੂੰ ਬਦਮਾਸ਼ ਲੜਕੀ ਨੂੰ ਮੱਲੀ ਫਾਰਮ ਹਾਊਸ ਨੇੜੇ ਛੱਡ ਕੇ ਫਰਾਰ ਹੋ ਗਏ।
ਦੂਜੇ ਪਾਸੇ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰੋਂ ਚਲੀ ਗਈ ਸੀ। ਉਹ ਢੰਡਾਰੀ ਰੇਲਵੇ ਸਟੇਸ਼ਨ ‘ਤੇ ਬੈਠੀ ਸੀ। ਉਸ ਸਮੇਂ ਉਸ ਦੀ ਮੁਲਾਕਾਤ ਸੁਖਵੀਰ ਨਾਂ ਦੇ ਲੜਕੇ ਨਾਲ ਹੋਈ। ਸੁਖਵੀਰ ਉਸ ਨੂੰ ਕੋਈ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ। ਜਿਥੇ ਸੁਖਵੀਰ ਦੇ ਦੋ ਦੋਸਤ ਸੋਨੂੰ ਅਤੇ ਦੀਪਕ ਪਹਿਲਾਂ ਹੀ ਮੌਜੂਦ ਸਨ। ਤਿੰਨਾਂ ਨੌਜਵਾਨਾਂ ਨੇ ਇਕ-ਇਕ ਕਰ ਕੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮ ਸੁਖਵੀਰ ਮੁੱਲਾਪੁਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ, ਜਦਕਿ ਬਾਕੀ ਸੋਨੀ ਅਤੇ ਦੀਪਕ ਪ੍ਰਵਾਸੀ ਹਨ।
ਤਿੰਨੇ ਮੁਲਜ਼ਮ 24 ਅਪ੍ਰੈਲ ਤੱਕ ਉਸ ਨਾਲ ਬਲਾਤਕਾਰ ਕਰਦੇ ਰਹੇ। ਜਦੋਂ ਲੜਕੀ ਨੇ ਰੌਲਾ ਪਾ ਕੇ ਆਪਣੇ ਪਰਿਵਾਰ ਕੋਲ ਜਾਣ ਦੀ ਜ਼ਿੱਦ ਕੀਤੀ ਤਾਂ ਤਿੰਨੇ ਨੌਜਵਾਨ ਉਸ ਨੂੰ ਹੈਬੋਵਾਲ ਇਲਾਕੇ ਵਿਚ ਛੱਡ ਕੇ ਭੱਜ ਗਏ। ਪੁਲਿਸ ਨੇ ਸੁਖਵੀਰ, ਸੋਨੂੰ ਅਤੇ ਦੀਪਕ ਵਾਸੀ ਢੰਡਾਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।