ਜਲੰਧਰ ‘ਚ 2 ਨਰਸਾਂ ਸਮੇਤ 3 ਹੋਰ ਮਾਮਲੇ ਆਏ ਸਾਹਮਣੇ, ਗਿਣਤੀ ਵੱਧ ਕੇ ਹੋਈ 221

0
6008

ਜਲੰਧਰ . ਕੋਰੋਨਾ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਜਿਲ੍ਹਾ ਜਲੰਧਰ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਦੋ ਨਰਸਾਂ ਸਮੇਤ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਭਾਵੇਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਸੀ ਪਰ ਅੱਜ ਫਿਰ ਜਲੰਧਰ ਤੋਂ ਦੋ ਨਰਸਾਂ ਸਮੇਤ ਤਿੰਨ ਮਰੀਜ਼ਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਪੀੜਤ ਮਰੀਜ਼ਾਂ ਵਿਚ ਇਕ ਮਖਦੂਮਪੁਰਾ ਵਿਚ ਰਹਿਣ ਵਾਲੀ ਸਿਵਲ ਹਸਪਤਾਲ ਵਿਚ ਤਾਇਨਾਤ 27 ਸਾਲਾ ਨਰਸ, ਸ਼੍ਰੀਮਨ ਹਸਪਤਾਲ ਦੀ 22 ਸਾਲਾ ਨਰਸ ਅਤੇ ਦਾਦਾ ਕਾਲੋਨੀ ਵਿਚ ਰਹਿਣ ਵਾਲੇ 25 ਸਾਲ ਦੇ ਨੌਜਵਾਨ ਦੀ ਕੋਰੋਨਾ ਪੁਸ਼ਟੀ ਹੋਈ ਹੈ। ਇਹ ਨਰਸਾਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਵਾਰਡ ਵਿਚ ਡਿਊਟੀ ਦੇ ਰਹੀਆਂ ਸਨ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਕਰਨ ਲਈ ਭੇਜਿਆ ਗਿਆ। ਫਿਲਹਾਲ ਸਿਵਲ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਹੈ। ਸ਼ੁੱਕਰਵਾਰ ਨੂੰ 94 ਸੈਂਪਲ ਜਾਂਚ ਲਈ ਭੇਜੇ ਗਏ ਸਨ।

ਸਿਹਤ ਵਿਭਾਗ ਵਲੋਂ 15 ਮਈ ਨੂੰ ਲਾਗੂ ਨਵੀਂ ਨੀਤੀ ਮੁਤਾਬਕ ਲਗਭਗ 79 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਘਰ ਵਿਚ ਹੀ 7 ਦਿਨਾਂ ਲਈ ਕੁਆਰੰਟਾਈਨ ਹੋਣ ਲਈ ਕਿਹਾ ਗਿਆ ਸੀ। ਸਿਹਤ ਵਿਭਾਗ ਦੀ ਨੀਤੀ ਨੂੰ ਲੈ ਕੇ ਘਰ ਪੁੱਜ ਕੇ ਮਰੀਜ਼ ਬਹੁਤ ਖੁਸ਼ ਹਨ ਪਰ ਨਾਲ ਹੀ ਕੋਰੋਨਾ ਮੁਕਤ ਹੋਣ ਦਾ ਕੋਈ ਪ੍ਰਮਾਣ ਨਾ ਮਿਲਣ ਕਾਰਨ ਤਣਾਅ ਵਿਚ ਵੀ ਹਨ। ਜਲੰਧਰ ਦੇ ਸਿਵਲ ਹਸਪਤਾਲ ਵਿਚ ਨਾਨ-ਕੋਵਿਡ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਖਾਂਸੀ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਵਲੋਂ ਹਸਪਤਾਲਾਂ ਨੂੰ ਨਾਨ-ਕੋਵਿਡ ਹੈਲਥ ਕੇਅਰ ਸੇਵਾਵਾਂ ਵੀ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ। ਮੈਡੀਕਲ ਸੁਪਰਡੈਂਟ ਡਾ. ਹਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਨਾਨ-ਕੋਵਿਡ ਸਹੂਲਤਾਂ ਲਈ ਵਾਰਡਾਂ ਤੇ ਓ. ਪੀ. ਡੀ. ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਰੌਮਾ ਸੈਂਟਰ ਦੀ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।