ਜਲੰਧਰ, 21 ਫਰਵਰੀ | ਜਲੰਧਰ ਵਿਚ ਸੜਕ ਹਾਦਸੇ ‘ਚ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਨਾਲ ਸ਼ੰਭੂ ਬਾਰਡਰ ਜਾ ਰਹੇ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਖਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਪੁਰ, ਜਲੰਧਰ ਵਜੋਂ ਹੋਈ ਹੈ।
ਥਾਣਾ ਸ਼ਾਹਕੋਟ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕੰਬਾਈਨ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਦਸਿਆ ਕਿ ਉਪ ਖਜ਼ਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ ਦੀ ਅਗਵਾਈ ਹੇਠ ਜਥੇ ਨੇ ਸ਼ਾਹਕੋਟ ਤੋਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਾ ਸੀ, ਜਿਸ ਵਿਚ ਪਿੰਡ ਰਾਮਪੁਰ ਦੇ ਹਰਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਬੀਤੀ ਰਾਤ ਕਰੀਬ 7 ਵਜੇ ਜਦੋਂ ਹਰਦੀਪ ਸਿੰਘ ਅਪਣੇ ਘਰ ਤੋਂ ਸ਼ਾਹਕੋਟ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਖੜ੍ਹੀ ਕੰਬਾਈਨ ਨਾਲ ਉਸ ਦੀ ਬਾਈਕ ਟਕਰਾ ਗਈ। ਕੰਬਾਈਨ ਦੇ ਪਿੱਛੇ ਕੋਈ ਸੁਰੱਖਿਆ ਪ੍ਰਣਾਲੀ ਨਹੀਂ ਸੀ ਅਤੇ ਨਾ ਹੀ ਕੋਈ ਰਿਫਲੈਕਟਰ ਲਗਾਏ ਗਏ ਸਨ। ਮ੍ਰਿਤਕ ਅਪਣੇ ਪਿੱਛੇ ਚਾਰ ਛੋਟੇ ਬੱਚੇ ਛੱਡ ਗਿਆ ਹੈ।