ਚੰਡੀਗੜ੍ਹ, 16 ਫਰਵਰੀ| ਕਿਸਾਨਾਂ ਨੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਬਾਕੀ ਯੂਨੀਅਨਾਂ ਨੇ ਵੀ ਭਾਰੀ ਸਮਰਥਨ ਦਿੱਤੀ ਹੈ। ਦੱਸ ਦਈਏ ਕਿ ਅੱਜ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ (SKM) ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਬੰਦ ਘੱਟੋ-ਘੱਟ ਉਜਰਤ ਵਧਾਉਣ, ਮਹਿੰਗਾਈ ਘਟਾਉਣ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਪੰਜਾਬ-ਹਰਿਆਣਾ ਬਾਰਡਰ ‘ਤੇ ਬੈਠਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਤੀਸਰੇ ਦੌਰ ਦੀ ਗੱਲਬਾਤ ਦੇ ਨਾਕਾਮ ਰਹਿਣ ਤੋਂ ਬਾਅਦ ਗੈਰ-ਸਿਆਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਪੰਜਾਬ-ਹਰਿਆਣਾ ਸਰਹੱਦ ‘ਤੇ ਬੈਠਣ ਦਾ ਫੈਸਲਾ ਕੀਤਾ ਹੈ। ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੈ।
ਇਸ ਦੇ ਬਾਵਜੂਦ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਰ ਮੁੱਖ ਮਾਰਗ ਨੂੰ ਜਾਮ ਵੀ ਕਰਨਗੇ। ਇਸ ਦੌਰਾਨ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਵਿੱਚ 37 ਕਿਸਾਨ ਜਥੇਬੰਦੀਆਂ ਅਤੇ ਐਸਕੇਐਮ ਦੀਆਂ ਟਰੇਡ ਯੂਨੀਅਨਾਂ ਪੰਜਾਬ ਭਰ ਦੇ 23 ਜ਼ਿਲ੍ਹਿਆਂ ਵਿੱਚ 117 ਥਾਵਾਂ ’ਤੇ ਧਰਨੇ ਦੇਣਗੀਆਂ।
ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਲੋਕਾਂ ਨੂੰ ਸਿਰਫ਼ ਚਾਰ ਕਾਰਨਾਂ ਕਰਕੇ ਛੋਟ ਦਿੱਤੀ ਜਾਵੇਗੀ
ਮੈਡੀਕਲ ਐਮਰਜੈਂਸੀ, ਪ੍ਰੀਖਿਆ ਦੇਣ ਵਾਲੇ ਉਮੀਦਵਾਰ, ਵਿਆਹ ਦਾ ਪ੍ਰੋਗਰਾਮ ਤੇ ਐਂਬੂਲੈਂਸ। ਇਸ ਦੇਸ਼ ਵਿਆਪੀ ਹੜਤਾਲ ਕਾਰਨ ਟਰਾਂਸਪੋਰਟ, ਖੇਤੀਬਾੜੀ ਦੇ ਕੰਮ, ਮਨਰੇਗਾ, ਨਿੱਜੀ ਦਫ਼ਤਰ, ਦੁਕਾਨਾਂ ਅਤੇ ਉਦਯੋਗਿਕ ਅਤੇ ਸੇਵਾ ਖੇਤਰ ਦੇ ਅਦਾਰੇ ਬੰਦ ਰਹਿਣ ਦੀ ਸੰਭਾਵਨਾ ਹੈ।
ਪ੍ਰਾਈਵੇਟ ਬੱਸ ਚਾਲਕਾਂ ਨੇ ਵੀ ਅੱਜ ਆਪਣੀਆਂ ਬੱਸਾਂ ਸੜਕਾਂ ’ਤੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸਾਂ ਵਿੱਚ ਜਾਂ ਸੀਟ ਦੇ ਹਿਸਾਬ ਨਾਲ ਸਿਰਫ਼ 54 ਯਾਤਰੀ ਹੀ ਬੈਠ ਸਕਦੇ ਹਨ। ਇਸ ਬੰਦ ਦਾ ਰੇਲਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਹਵਾਈ ਸਫਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੀ ਹੈ। ਅੰਮ੍ਰਿਤਸਰ ਤੋਂ ਦਿੱਲੀ ਦੀਆਂ ਫਲਾਈਟਾਂ, ਜਿਨ੍ਹਾਂ ਦੀ ਕੀਮਤ ਪਹਿਲਾਂ 35 ਹਜ਼ਾਰ ਰੁਪਏ ਤੱਕ ਪਹੁੰਚ ਗਈ ਸੀ, ਹੁਣ 17 ਹਜ਼ਾਰ ਰੁਪਏ ਦੇ ਕਰੀਬ ਹੈ। ਅੰਮ੍ਰਿਤਸਰ ਤੋਂ ਦਿੱਲੀ ਦੀਆਂ ਕੁਝ ਫਲਾਈਟਾਂ ਦੀਆਂ ਟਿਕਟਾਂ ਅਜੇ ਵੀ 8 ਤੋਂ 10 ਹਜ਼ਾਰ ਰੁਪਏ ਵਿੱਚ ਮਿਲ ਰਹੀਆਂ ਹਨ। ਇਸ ਬੰਦ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਸਕਦਾ ਹੈ। ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਵਜ੍ਹਾ ਬਾਹਰ ਨਾ ਨਿਕਲਣ ਅਤੇ ਜੇਕਰ ਉਨ੍ਹਾਂ ਨੇ ਬਾਹਰ ਜਾਣਾ ਹੈ ਤਾਂ ਪਹਿਲਾਂ ਤੋਂ ਹੀ ਰੂਟ ਦੀ ਯੋਜਨਾ ਬਣਾ ਲਓ।