CM ਮਾਨ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਉਦਘਾਟਨ ਮਗਰੋਂ ਅਕਾਲੀ ਦਲ ‘ਤੇ ਵਿੰਨ੍ਹਿਆ ਤੰਜ, ਕਹੀ ਵੱਡੀ ਗੱਲ

0
867

ਤਰਨਤਾਰਨ/ਪੱਟੀ, 11 ਫਰਵਰੀ | ਪੰਜਾਬ ਸਰਕਾਰ ਨੇ ਅੱਜ ਗੋਇੰਦਵਾਲ ਸਾਹਿਬ ਸਥਿਤ ਖਰੀਦਿਆ ਜੀ. ਵੀ. ਕੇ. ਥਰਮਲ ਪਲਾਂਟ ਜਨਤਾ ਦੇ ਸਪੁਰਦ ਕਰ ਦਿੱਤਾ ਹੈ। ਇਸ ਦੌਰਾਨ ਵੱਡੇ ਇਕੱਠੇ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਮੇਂ-ਸਮੇਂ ’ਤੇ ਸਰਕਾਰਾਂ ਨੇ ਘਾਟੇ ਦਾ ਸੌਦਾ ਦੱਸ ਕੇ ਸਰਕਾਰੀ ਅਦਾਰਿਆਂ ਨੂੰ ਵੇਚਿਆ ਹੀ ਹੈ ਪਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰੇ ਨੂੰ ਖਰੀਦ ਕੇ ਉਸ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਹੈ ਜੋ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ।

ਸੀਐਮ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਪਰ ਇਹ ਪੰਜਾਬ ਬਚਾਓ ਯਾਤਰਾ ਨਹੀਂ ਸਗੋਂ ਪਰਿਵਾਰ ਬਚਾਓ ਯਾਤਰਾ ਹੈ। ਪਹਿਲਾਂ ਇਹ ਮਜੀਠਾ ਗਏ ਕਿ ਮੇਰਾ ਸਾਲਾ ਬਚਾਓ, ਫਿਰ ਕੈਰੋਂ ਪਿੰਡ ਗਏ ਕਿ ਸਾਡਾ ਜਵਾਈ ਬਚਾਓ, ਫਿਰ ਫਿਰੋਜ਼ਪੁਰ ਗਏ ਕਿ ਮੈਨੂੰ ਬਚਾਓ, ਅੱਜ ਬਠਿੰਡੇ ਗਏ ਹਨ ਕਿ ਮੇਰੀ ਘਰ ਵਾਲੀ ਬਚਾਓ। ਇਸ ਵਿਚ ਪੰਜਾਬ ਕਿੱਥੇ ਹੈ, ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਤੁਹਾਡੇ ਤੋਂ ਪੰਜਾਬ ਨੂੰ ਬਚਾਇਆ ਹੈ।

ਅਸੀਂ ਬੇਅਦਬੀ ਮਾਮਲਿਆਂ ’ਤੇ ਕਾਰਵਾਈ ਕਰ ਰਹੇ ਹਾਂ, ਇਸ ਲਈ ਭਗਵੰਤ ਮਾਨ ਨੂੰ ਰੋਕਣ ਦੀਆਂ ਵਿਉਂਤਾਂ ਘੜੀਂਆਂ ਜਾ ਰਹੀਆਂ ਹਨ। ਪਹਿਲਾਂ ਇਹ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਲੋਕਾਂ ਨੂੰ ਟਿੱਚ ਸਮਝਣ ਵਾਲਿਆਂ ਨੂੰ ਅੱਜ ਅਕਲ ਆ ਗਈ ਹੈ। ਹੁਣ ਸੁਖਬੀਰ ਬਾਦਲ ਧਰਤੀ ’ਤੇ ਆ ਗਏ ਹਨ ਜੋ ਪਹਿਲਾਂ 25 ਸਾਲ ਰਾਜ ਕਰਨ ਦੇ ਨਾਅਰੇ ਦਿੰਦੇ ਸੀ। ਲੋਕਾਂ ਨੇ ਹੇਠਾਂ ਲਿਆ ਸੁੱਟਿਆ ਹੈ।