ਲੁਧਿਆਣਾ : ਸਿਰ ‘ਚ ਪੱਥਰ ਮਾਰ ਮਾਰ ਕੇ 50 ਸਾਲਾ ਬੰਦੇ ਦਾ ਕਤਲ

0
511

ਲੁਧਿਆਣਾ, 1 ਫਰਵਰੀ| ਭਾਰਤ ਨਗਰ ਚੌਕ ਦੇ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਰਿਕਸ਼ਾ ਚਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮਾਂ ਨੇ ਉਸਦੇ ਸਿਰ ਅਤੇ ਚਿਹਰੇ ‘ਤੇ ਪੱਥਰ ਨਾਲ ਵਾਰ ਕੀਤੇ l ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਵਾਇਆ l

ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕਬਜ਼ੇ ‘ਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਦੇ ਜ਼ਰੀਏ ਉਸਦੀ ਸ਼ਨਾਖਤ ਹੋ ਸਕੇl ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 ਕੁ ਸਾਲ ਜਾਪਦੀ ਹੈ l ਪੁਲਿਸ ਨੇ ਲਾਸ਼ ਦੇ ਕੋਲ ਪਈ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ ਰਿਕਸ਼ਾ ਚਾਲਕ ਲੰਮੇ ਸਮੇਂ ਤੋਂ ਬੱਸ ਸਟੈਂਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਿਕਸ਼ਾ ਚਲਾਉਂਦਾ ਸੀ l ਰਾਤ ਵੇਲੇ ਉਹ ਬੱਸ ਸਟੈਂਡ ਤੋਂ ਭਾਰਤ ਨਗਰ ਚੌਂਕ ਵੱਲ ਪੈਂਦੀਆਂ ਲੱਕੜ ਵਾਲੀਆਂ ਦੁਕਾਨਾਂ ਦੇ ਸਾਹਮਣੇ ਸੌ ਜਾਂਦਾ ਸੀ l ਵੀਰਵਾਰ ਸਵੇਰੇ ਇੱਕ ਟਿੰਬਰ ਸਟੋਰ ਦਾ ਮਾਲਕ ਆਇਆ ਤਾਂ ਉਸਨੇ ਦੇਖਿਆ ਕਿ ਖੂਨ ਨਾਲ ਲੱਥ ਪੱਥ ਰਿਕਸ਼ਾ ਚਾਲਕ ਦੀ ਲਾਸ਼ ਉਸ ਦੀ ਦੁਕਾਨ ਦੇ ਬਾਹਰ ਪਈ ਹੋਈ ਸੀ l ਉਸਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀl

ਮੌਕੇ ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਦੇਖਿਆ ਕਿ ਲਾਸ਼ ਦੇ ਕੋਲ ਇੱਕ ਪੱਥਰ ਅਤੇ ਸ਼ਰਾਬ ਦੀ ਬੋਤਲ ਵੀ ਪਈ ਹੋਈ ਸੀl ਤਫਤੀਸ਼ੀ ਅਫਸਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਤੋਂ ਇੰਜ ਜਾਪ ਰਿਹਾ ਹੈ ਕਿ ਰਾਤ ਵੇਲੇ ਸ਼ਰਾਬੀ ਹਾਲਤ ਵਿੱਚ ਉਸਦੀ ਕਿਸੇ ਨਾਲ ਲੜਾਈ ਹੋਈ ਹੋਵੇਗੀ l ਪੁਲਿਸ ਮਾਮਲੇ ਦੀ ਪੜਤਾਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟ ਗਈ ਹੈ।