ਚੰਡੀਗੜ੍ਹ, 30 ਜਨਵਰੀ | ਪੰਜਾਬ ਸਰਕਾਰ ਵੱਲੋਂ ਰਾਜ ਮਹਿਲਾ ਕਮਿਸ਼ਨ ਵਿਚ ਮੈਂਬਰਾਂ ਦੀਆਂ ਗੈਰ ਸਰਕਾਰੀ ਖਾਲੀ ਅਸਾਮੀਆਂ ਦੀ ਭਰਤੀ ਲਈ ਯੋਗ ਬਿਨੈਕਾਰ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਜਿਹੇ ਵਿਅਕਤੀ, ਤਰਜੀਹੀ ਤੌਰ ਉਤੇ ਮਹਿਲਾਵਾਂ ਜੋ ਵਧੀਆ ਯੋਗਤਾ, ਈਮਾਨਦਾਰੀ ਰੱਖਦੀਆਂ ਹੋਣ, ਜਿਨ੍ਹਾਂ ਨੇ ਮਹਿਲਾਵਾਂ ਦੀ ਭਲਾਈ ਲਈ ਕੰਮ ਕੀਤਾ ਹੈ, ਕਾਨੂੰਨ ਜਾਂ ਵਿਧਾਨ ਦੀ ਉਚਿਤ ਜਾਣਕਾਰੀ ਅਤੇ ਤਜਰਬਾ ਹੈ, ਮਹਿਲਾਵਾਂ ਦੀ ਪ੍ਰਗਤੀ ਨਾਲ ਸਬੰਧਤ ਮਾਮਲਿਆਂ ਦਾ ਪ੍ਰਬੰਧਨ ਜਾਂ ਮਹਿਲਾਵਾਂ ਦੀ ਸੁਰੱਖਿਆ ਲਈ ਕਿਸੇ ਟਰੇਡ ਯੂਨੀਅਨ ਜਾਂ ਸਵੈ-ਸੇਵੀ ਸੰਗਠਨ ਦੀ ਅਗਵਾਈ, ਮਹਿਲਾਵਾਂ ਦੇ ਸਾਂਝੇ ਹਿੱਤਾਂ ਨੂੰ ਉਠਾਇਆ ਅਤੇ ਪ੍ਰੋਤਸਾਹਿਤ ਕੀਤਾ ਹੈ, ਅਰਜ਼ੀ ਦੇਣ ਲਈ ਯੋਗ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਰਾਜ ਮਹਿਲਾ ਕਮਿਸ਼ਨ ਵਿਚ ਇਕ ਸੀਨੀਅਰ ਉਪ ਚੇਅਰਪਰਸਨ, ਇਕ ਉਪ ਚੇਅਰਪਰਸਨ ਅਤੇ 10 ਮੈਂਬਰਾਂ (ਜਨਰਲ 8 ਅਤੇ ਐਸ.ਸੀ 2) ਦੀ ਭਰਤੀ ਕੀਤੀ ਜਾਣੀ ਹੈ ਤਾਂ ਜੋ ਔਰਤਾਂ ਸਬੰਧੀ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਸਬੰਧਤਾਂ ਨੂੰ ਲਾਭ ਮਿਲ ਸਕੇ।
ਮੰਤਰੀ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਬਿਨੈ ਪੱਤਰ ਸਮੇਤ ਬਾਇਓਡਾਟਾ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ ਨੰ. 102-103, ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 5 ਫਰਵਰੀ 2024 ਤੱਕ ਜਮ੍ਹਾ ਕਰਵਾ ਸਕਦੇ ਹਨ। ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ਨੂੰ ਵਿਚਾਰਿਆ ਨਹੀਂ ਜਾਵੇਗਾ।