ਨਵੀਂ ਦਿੱਲੀ, 3 ਜਨਵਰੀ| ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ। ਬ੍ਰਿਟੇਨ ਦੀ ਸਰਕਾਰ ਨੇ 1 ਜਨਵਰੀ ਤੋਂ ਪਤੀ-ਪਤਨੀ ਵੀਜ਼ਾ (ਸਪਾਊਸ ਵੀਜ਼ਾ) ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਮਤਲਬ ਹੈ ਕਿ ਯੂਕੇ ਵਿੱਚ ਪੜ੍ਹ ਰਿਹਾ ਕੋਈ ਵੀ ਵਿਦੇਸ਼ੀ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਨਹੀਂ ਲੈ ਜਾ ਸਕੇਗਾ। ਵਰਨਣਯੋਗ ਹੈ ਕਿ ਕੈਨੇਡਾ ਅਤੇ ਯੂ.ਕੇ. ਜਾਣ ਲਈ ਪੰਜਾਬ ਵਿੱਚ ਕੰਟਰੈਕਟ ਮੈਰਿਜ ਤੱਕ ਕਰਵਾਈਆਂ ਜਾ ਰਹੀਆਂ ਸਨ।
ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਲੋਕ ਯੂਕੇ ਜਾਂ ਕੈਨੇਡਾ ਵਿੱਚ ਪੜ੍ਹਦੀਆਂ ਕੁੜੀਆਂ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਹਨ। ਪਰ ਹੁਣ 1 ਜਨਵਰੀ 2024 ਤੋਂ ਯੂਕੇ ਸਪਾਊਸ ਵੀਜ਼ਾ ਨਹੀਂ ਦੇਵੇਗਾ। ਇਸ ਨਾਲ ਕੰਟਰੈਕਟ ਮੈਰਿਜ ਘੱਟ ਹੋਣ ਦੀ ਉਮੀਦ ਹੈ।
ਦਰਅਸਲ, ਜਨਵਰੀ 2021 ਵਿੱਚ ਬ੍ਰਿਟਿਸ਼ ਸਰਕਾਰ ਨੇ ਉੱਥੇ ਕੰਮ ਕਰਨ ਵਾਲੇ ਲੋਕਾਂ ਲਈ ਸਾਲਾਨਾ ਘੱਟੋ-ਘੱਟ 25 ਹਜ਼ਾਰ 600 ਪੌਂਡ ਦੀ ਆਮਦਨ ਤੈਅ ਕੀਤੀ ਸੀ, ਪਰ ਭਾਰਤੀ ਖਾਸ ਕਰਕੇ ਪੰਜਾਬ ਦੇ ਲੋਕ ਬ੍ਰਿਟੇਨ ਪਹੁੰਚੇ, ਜਿਨ੍ਹਾਂ ਖੇਤੀ ਤੋਂ ਇਲਾਵਾ ਪ੍ਰਾਹੁਣਚਾਰੀ ਦਾ ਕੰਮ ਘੱਟ ਤਨਖਾਹ ‘ਤੇ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਯੂਕੇ ਵਿੱਚ ਰਾਈਟ ਟੂ ਵਰਕ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ। ਯੂਕੇ ਦੇ ਮੂਲ ਲੋਕਾਂ ਨੂੰ ਘੱਟ ਉਜਰਤਾਂ ਉਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਸ ਕਾਰਨ ਸਰਕਾਰ ਕਾਫੀ ਦਬਾਅ ਮਹਿਸੂਸ ਕਰ ਰਹੀ ਸੀ।
ਪਿਛਲੇ ਸਾਲ ਸਨ ਤਿੰਨ ਲੱਖ ਵੀਜ਼ੇ
2020 ਵਿੱਚ 48,639 ਭਾਰਤੀ ਵਿਦਿਆਰਥੀ ਬ੍ਰਿਟੇਨ ਪਹੁੰਚੇ। ਇਹ ਸੰਖਿਆ 2021 ਵਿੱਚ 55903 ਅਤੇ 2022 ਵਿੱਚ 200978 ਤੱਕ ਪਹੁੰਚ ਗਈ ਅਤੇ 2023 ਤੱਕ ਇਹ ਅੰਕੜਾ ਤਿੰਨ ਲੱਖ ਨੂੰ ਪਾਰ ਕਰ ਗਿਆ। ਇਸ ‘ਚ 85 ਫੀਸਦੀ ਵਿਦਿਆਰਥੀ ਵਿਆਹੇ ਹੋਏ ਸਨ, ਜਿਨ੍ਹਾਂ ਦਾ ਉਦੇਸ਼ ਕਿਸੇ ਤਰ੍ਹਾਂ ਬ੍ਰਿਟੇਨ ਪਹੁੰਚਣਾ ਸੀ। ਉਥੇ ਜਾ ਕੇ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੇ ਘੱਟ ਤਨਖਾਹ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ 60 ਫੀਸਦੀ ਲੋਕ ਪੰਜਾਬ ਦੇ ਹਨ,ਜੇਕਰ ਹਰਿਆਣਾ, ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਨ੍ਹਾਂ ਦੀ ਗਿਣਤੀ 80 ਫੀਸਦੀ ਤੋਂ ਵੱਧ ਹੋ ਜਾਂਦੀ ਹੈ।
ਅਸੀਂ ਆਪਣੀ ਸਾਖ ਨੂੰ ਆਪ ਖਰਾਬ ਕੀਤਾ
ਯੂਕੇ ਦੇ ਸਟੱਡੀ ਵੀਜ਼ਾ ਦੀ ਮਾਹਿਰ ਗ੍ਰੇ ਮੈਟਰ ਦੀ ਐਮਡੀ ਸੋਨੀਆ ਧਵਨ ਦਾ ਕਹਿਣਾ ਹੈ ਕਿ ਪੰਜਾਬੀ ਮੂਲ ਦੇ ਲੋਕਾਂ ਨੇ ਉੱਥੇ ਜਾ ਕੇ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਕੀਤੀ, ਸਗੋਂ ਘੱਟ ਮਜ਼ਦੂਰੀ ‘ਤੇ ਕੰਮ ਕਰਕੇ ਯੂ.ਕੇ ਦੇ ਮੂਲ ਨਿਵਾਸੀਆਂ ਨੂੰ ਵੀ ਮੁਸੀਬਤ ਵਿੱਚ ਪਾਇਆ। ਯੂਕੇ ਗਏ ਵਿਦਿਆਰਥੀਆਂ ਦੇ ਜੀਵਨ ਸਾਥੀ ਵੀ ਹੁਨਰਮੰਦ ਜਾਂ ਤਕਨੀਕੀ ਮਾਹਿਰ ਨਹੀਂ ਸਨ। ਸਟੱਡੀ ਵੀਜ਼ਾ ਮਾਹਿਰ ਸੁਕਾਂਤ ਤ੍ਰਿਵੇਦੀ ਦਾ ਕਹਿਣਾ ਹੈ ਕਿ ਅਗਲੇ ਸਮੈਸਟਰ ਲਈ ਦਾਖ਼ਲਿਆਂ ਦੀ ਗਿਣਤੀ ਘਟ ਕੇ 25 ਫ਼ੀਸਦੀ ਰਹਿ ਗਈ ਹੈ। ਵਿਦਿਆਰਥੀ ਹੁਣ ਯੂਕੇ ਵੱਲ ਨਹੀਂ ਦੇਖ ਰਹੇ ਹਨ।







































