ਪੰਜਾਬ ‘ਚ ਮਿਡ-ਡੇ-ਮੀਲ ਮੈਨਿਊ ‘ਚ ਫਰੂਟ ਦੀ ਐਂਟਰੀ : ਸਕੂਲ ‘ਚ ਬੱਚਿਆਂ ਨੂੰ ਮਿਲਣਗੇ ਕੇਲੇ; ਰਾਜਮਾ ਅਤੇ ਕੜ੍ਹੀ ਦਾ ਵੀ ਲੈਣਗੇ ਸਵਾਦ

0
11933

ਚੰਡੀਗੜ੍ਹ, 28 ਦਸੰਬਰ| ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਮੈਨਿਊ ਵਿੱਚ ਫਲ ਵੀ ਸ਼ਾਮਲ ਕੀਤੇ ਗਏ ਹਨ। ਨਵੇਂ ਸਾਲ (2024) ਤੋਂ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਭੋਜਨ ਦੇ ਨਾਲ ਕੇਲਾ ਵੀ ਮਿਲੇਗਾ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਮੈਨਿਊ ਵਿੱਚ ਮਾਮੂਲੀ ਬਦਲਾਅ ਕੀਤੇ ਹਨ। ਹੁਣ ਵਿਦਿਆਰਥੀ ਆਪਣੇ ਭੋਜਨ ‘ਚ ਕਾਲੇ ਛੋਲੇ, ਕੜੀ ਤੇ ਰਾਜਮਾਂਹ ਦਾ ਸਵਾਦ ਵੀ ਲੈ ਸਕਣਗੇ।

ਸੋਸ਼ਲ ਆਡਿਟ ਤੋਂ ਬਾਅਦ ਲਿਆ ਗਿਆ ਫੈਸਲਾ

ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ ‘ਚ ਮਿਡ-ਡੇ-ਮੀਲ ਸਕੀਮ ਦਾ ਸੋਸ਼ਲ ਆਡਿਟ ਕਰਵਾਇਆ ਸੀ। ਜਨਤਕ ਸੁਣਵਾਈ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮਿਡ-ਡੇਅ ‘ਚ ਫਲ ਦੇਣ ਦਾ ਸੁਝਾਅ ਦਿੱਤਾ ਸੀ| ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ।

ਫਲਾਂ ਲਈ ਫੰਡਾਂ ਦਾ ਵੀ ਪ੍ਰਬੰਧ ਕੀਤਾ

ਸਿੱਖਿਆ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਤੱਕ ਦਾ ਨਵਾਂ ਮੈਨਿਊ ਜਾਰੀ ਕੀਤਾ ਗਿਆ ਹੈ। ਵਿਭਾਗ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਫਲਾਂ ਲਈ 5 ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਜਾਰੀ ਕਰੇਗਾ। ਰਾਜ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ 17 ਲੱਖ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਕੰਮ ਵਿੱਚ 42 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਸਕੂਲ ਕਮੇਟੀਆਂ ਹਰ ਚੀਜ਼ ‘ਤੇ ਨਜ਼ਰ ਰੱਖਣਗੀਆਂ।