ਜਲੰਧਰ : ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਅੰਤਿਮ ਸੰਸਕਾਰ, 19 ਸਾਲਾ ਧੀ ਗੁਨੀਤ ਨੇ ਦਿੱਤੀ ਚਿਖਾ ਨੂੰ ਅਗਨੀ

0
862

ਜਲੰਧਰ, 26 ਦਸੰਬਰ| 2015 ‘ਚ ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਇਕ ਅੱਤਵਾਦੀ ਨੂੰ ਮਾਰਦੇ ਹੋਏ ਗੰਭੀਰ ਜ਼ਖ਼ਮੀ ਹੋਏ ਤੇ ਫਿਰ 8 ਸਾਲ ਤੱਕ ਕੋਮਾ ‘ਚ ਰਹੇ ਕਰਨਲ ਕਰਨਬੀਰ ਸਿੰਘ ਨੱਤ ਦਾ ਮੰਗਲਵਾਰ ਨੂੰ ਜਲੰਧਰ ਛਾਉਣੀ ਦੇ ਰਾਮਬਾਗ ਸ਼ਮਸ਼ਾਨਘਾਟ ‘ਚ ਸਸਕਾਰ ਕਰ ਦਿੱਤਾ ਗਿਆ। ਐਤਵਾਰ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ‘ਚ ਉਹ ਵੀਰਗਤੀ ਪ੍ਰਾਪਤ ਕਰ ਗਏ ਸਨ।

ਉਨ੍ਹਾਂ ਦੀ ਧੀ ਗੁਨੀਤ (19 ਸਾਲ) ਨੇ ਚਿਤਾ ਨੂੰ ਅਗਨ ਭੇਟ ਕੀਤਾ। ਪਤਨੀ ਨਵਪ੍ਰੀਤ ਕੌਰ, ਧੀਆਂ ਗੁਨੀਤ ਤੇ ਅਸ਼ਮੀਤ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਈ ਦਿੱਤੀ। ਜਨਰਲ ਢਿੱਲੋਂ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਰਨਲ ਕਰਨਬੀਰ ਸਿੰਘ ਦੇ ਪਿਤਾ ਸੇਵਾਮੁਕਤ ਕਰਨਲ ਜਸਵੰਤ ਸਿੰਘ ਨੂੰ ਦਿਲਾਸਾ ਦੇਣ ਪਹੁੰਚੇ।

ਇਨ੍ਹਾਂ 8 ਸਾਲਾਂ ਦੌਰਾਨ ਕਰਨਬੀਰ ਸਿੰਘ ਦਾ ਪਰਿਵਾਰ ਜਿਸ ਵਿਚ ਉਨ੍ਹਾਂ ਦੇ ਪਿਤਾ ਕਰਨਲ ਜਗਤਾਰ ਸਿੰਘ ਨੱਤ, ਪਤਨੀ ਨਵਪ੍ਰੀਤ ਕੌਰ ਤੇ ਧੀਆਂ ਗੁਨੀਤ ਅਤੇ ਅਸ਼ਮੀਤ (ਉਮਰ 19 ਤੇ 10 ਸਾਲ) ਸ਼ਾਮਲ ਸਨ, ਮਿਲਸਟਰੀ ਹਸਪਤਾਲ ‘ਚ ਆਫਿਸਰਜ਼ ਵਾਰਡ ਦੇ ਕਮਰਾ ਨੰਬਰ 13 ‘ਚ ਵਾਰੀ-ਵਾਰੀ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ।

ਲੈਫਟੀਨੈਂਟ ਕਰਨਲ ਨੱਤ 1998 ‘ਚ ਸ਼ਾਰਟ ਸਰਵਿਸ ਕਮਿਸ਼ਨ ‘ਤੇ ਗਾਰਡਜ਼ ਰੈਜੀਮੈਂਟ ‘ਚ ਸ਼ਾਮਲ ਹੋਏ। 2012 ‘ਚ 14 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ। ਉਨ੍ਹਾਂ ਨੇ ਐਲਐਲਬੀ ਤੇ ਐਮਬੀਏ ਕੀਤੀ ਤੇ ਸਿਵਲ ਨੌਕਰੀ ਕਰ ਲਈ। ਪਰ ਉਨ੍ਹਾਂ ਨੇ ਹਥਿਆਰਬੰਦ ਬਲਾਂ ‘ਚ ਵਾਪਸ ਆਉਣ ‘ਤੇ ਜ਼ੋਰ ਦਿੱਤਾ ਤੇ 160 ਟੀਏ ਯੂਨਿਟ ਵਿੱਚ ਸ਼ਾਮਲ ਹੋ ਗਏ।