ਅੰਮ੍ਰਿਤਸਰ : ਜੇਲ੍ਹ ‘ਚ ਹੋਈ ਲੜਾਈ ਦਾ ਬਦਲਾ ਲੈਣ ਲਈ ਬਦਮਾਸ਼ਾਂ ਨੇ ਘਰ ਆ ਕੇ ਮਾਰੀਆਂ ਗੋਲ਼ੀਆਂ

0
357

ਅੰਮ੍ਰਿਤਸਰ, 26 ਦਸੰਬਰ| ਅੰਮ੍ਰਿਤਸਰ ਵਿਚ ਘਰ ਆ ਕੇ ਬਦਮਾਸ਼ਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਦਾ ਪਤਾ ਘਰ ਦੇ ਮਾਲਕ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਉਥੇ ਹੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਅਤੇ ਗੋਲੀਆਂ ਦੇ ਖ਼ੋਲ ਬਰਾਮਦ ਕੀਤੇ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਇਹ ਹਮਲਾ ਉਨ੍ਹਾਂ ਦੇ ਪੁੱਤ ਨਾਲ ਜੇਲ੍ਹ ਵਿਚ ਹੋਈ ਲੜਾਈ ਦਾ ਬਦਲਾ ਲੈਣ ਲਈ ਕੀਤਾ ਹੈ।

ਬਦਮਾਸ਼ ਫਾਇਰਿੰਗ ਕਰਕੇ ਫਰਾਰ ਹੋ ਗਏ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਘਰ ਵਿੱਚ ਸਨ, ਉਸ ਵੇਲੇ ਉਨ੍ਹਾਂ ਨੂੰ ਬਾਹਰ ਰੌਲ਼ਾ ਪੈਂਦਾ ਸੁਣਾਈ ਦਿੱਤਾ, ਜਦ ਬਾਹਰ ਆਏ ਤਾਂ ਦੇਖਿਆ ਬਦਮਾਸ਼ ਉਨ੍ਹਾਂ ਨੂੰ ਲਲਕਾਰ ਰਹੇ ਸਨ। ਜਦ ਅਸ਼ੋਕ ਕੁਮਾਰ ਨੇ ਵਿਰੋਧ ਕੀਤਾ ਤਾਂ ਬਦਮਾਸ਼ ਫਾਇਰਿੰਗ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਲਾਗਤਬਾਜ਼ੀ ਨਹੀਂ ਹੈ। ਪਰ ਉਨ੍ਹਾਂ ਦੇ ਪੁੱਤਰ ਦੀ ਕੋਈ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਬੇ-ਦਖਲ ਕੀਤੇ ਪੁੱਤਰ ਨਾਲ ਬਦਮਾਸ਼ਾਂ ਦੀ ਦੁਸ਼ਮਣੀ : ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਮਾੜੀ ਸੰਗਤ ਵਿੱਚ ਪਿਆ ਸੀ, ਇਸ ਲਈ ਉਸ ਨੂੰ ਬੇਦਖਲ ਕਰ ਦਿੱਤਾ ਹੈ। ਪਰ ਉਸ ਨਾਲ ਖਾਰ ਖਾਂਦੇ ਹੁਣ ਬਦਮਾਸ਼ਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਪਰਿਵਾਰ ਵੱਲੋਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ।

ਪਰਿਵਾਰ ਨੇ ਕਿਹਾ ਕਿ ਅੱਜ ਅਜਿਹਾ ਹੋਇਆ ਹੈ ਕੱਲ੍ਹ ਨੂੰ ਬਦਮਾਸ਼ ਫਿਰ ਤੋਂ ਅਜਿਹਾ ਕੁੱਝ ਕਰ ਸਕਦੇ ਹਨ। ਇਸ ਲਈ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਉਥੇ ਹੀ ਫਾਇਰਿੰਗ ਕਾਰਨ ਇਲਾਕੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਗੋਲੀਬਾਰੀ ਗੇਟ ਹਕੀਮਾ ਥਾਣਾ ਖੇਤਰ ਅਧੀਨ ਪੈਂਦੇ ਛੋਟਾ ਹਰੀਪੁਰਾ ਵਿੱਚ ਹੋਈ।

ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ : ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਜਦੋਂ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਹਰਸ਼ਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਕ੍ਰਿਸਮਸ ਦਾ ਦਿਨ ਹੋਣ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਵੱਖ-ਵੱਖ ਥਾਵਾਂ ‘ਤੇ ਲੱਗੀਆਂ ਹੋਈਆਂ ਹਨ। ਇਹ ਸਾਰੇ ਮਾਮਲੇ ਦੀ ਪੀੜਤ ਪਰਿਵਾਰ ਨਾਲ ਮਿਲ ਕੇ ਗੱਲਬਾਤ ਕੀਤੀ ਹੈ ਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।