ਲੁਧਿਆਣਾ, 17 ਦਸੰਬਰ | ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਦੇਰ ਰਾਤ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੂੰ ਦੇਖ ਕੇ ਸਕਾਰਪੀਓ ਸਵਾਰ ਨੇ ਛਾਲ ਮਾਰ ਕੇ ਜਾਨ ਬਚਾਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਾਰ ਚਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਭਗਵਾਨ ਵਾਲਮੀਕਿ ਨਗਰ ਗਲੀ ਨੰਬਰ 2 ਬਸਤੀ ਜੋਧੇਵਾਲ ਦਾ ਰਹਿਣ ਵਾਲਾ ਕਾਕਾ ਫਿਲਮ ਦੇਖ ਕੇ ਸਕਾਰਪੀਓ ਵਿਚ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ। ਅਚਾਨਕ ਕਾਰ ਦੇ ਬੋਨਟ ‘ਚੋਂ ਧੂੰਆਂ ਨਿਕਲਣ ਲੱਗਾ। ਕੁਝ ਹੀ ਸਮੇਂ ਵਿਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਕਾਕੇ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਕਾਰ ਵਿਚੋਂ ਬਾਹਰ ਕੱਢਿਆ। ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਮਦਦ ਲਈ ਗਈ ਪਰ ਅੱਗ ਦੀਆਂ ਲਪਟਾਂ ਇੰਨੀਆਂ ਵਧ ਗਈਆਂ ਕਿ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਕਾਰ ਨੂੰ ਅੱਗ ਲੱਗਣ ਕਾਰਨ ਹੋਰ ਵਾਹਨ ਚਾਲਕ ਵੀ ਰੁਕ ਗਏ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦੱਸ ਦਈਏ ਕਿ ਦੀਵਾਲੀ ਤੋਂ ਕਰੀਬ 10 ਦਿਨ ਪਹਿਲਾਂ ਕਾਕਾ ਨੇ ਨਵੀਂ ਸਕਾਰਪੀਓ ਕਾਰ ਖਰੀਦੀ ਸੀ। ਸ਼ੁਰੂਆਤੀ ਜਾਂਚ ‘ਚ ਅਜਿਹਾ ਲੱਗ ਰਿਹਾ ਹੈ ਕਿ ਗੱਡੀ ‘ਚ ਸ਼ਾਰਟ-ਸਰਕਟ ਹੋਇਆ ਹੈ।