ਲੁਧਿਆਣਾ ਪੁਲਿਸ ਨੇ ਇਕ ਹੋਰ ਗੈਂਗਸਟਰ ਦਾ ਕੀਤਾ ਐਨਕਾਊਂਟਰ : ਵਾਰਦਾਤ ਲਈ ਨਿਕਲਿਆ ਸੀ ਸੁਖਦੇਵ, 6 ਗੋਲ਼ੀਆਂ ਮਾਰ ਕੇ ਕੀਤਾ ਢੇਰ

0
717

ਲੁਧਿਆਣਾ, 14 ਦਸੰਬਰ| ਗੈਂਗਸਟਰ ਸੁਖਦੇਵ ਉਰਫ਼ ਵਿੱਕੀ ਨੂੰ ਪੁਲਿਸ ਨੇ ਐਨਕਾਊਂਟਰ ‘ਚ ਮਾਰ ਦਿੱਤਾ। ਗੈਂਗਸਟਰ ਨੂੰ ਕਰੀਬ 6 ਗੋਲੀਆਂ ਲੱਗੀਆਂ। ਇਹ ਗੈਂਗਸਟਰ ਵਾਰਦਾਤ ਨੂੰ ਅੰਜਾਮ ਦੇਣ ਲਈ ਬੀਤੀ ਸ਼ਾਮ ਭੈਣੀ ਸਾਹਿਬ ਦੇ ਰਸਤੇ ਘਰੋਂ ਨਿਕਲਿਆ ਸੀ। ਸੀ.ਆਈ.ਏ.-2 ਦੇ ਇੰਚਾਰਜ ਬੇਅੰਤ ਜੁਨੇਜਾ ਨੂੰ ਸੂਚਨਾ ਸੀ, ਜਿਸ ਤੋਂ ਬਾਅਦ ਉਨ੍ਹਾਂ ਭੈਣੀ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ‘ਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ | ਉਹ 8 ਦਸੰਬਰ ਤੋਂ ਲਗਾਤਾਰ ਵਾਰਦਾਤਾਂ ਕਰ ਰਿਹਾ ਸੀ। ਦੋਵਾਂ ਪਾਸਿਆਂ ਤੋਂ 20 ਗੋਲੀਆਂ ਚਲਾਈਆਂ ਗਈਆਂ।

ਬਾਈਕ ‘ਤੇ ਸਵਾਰ ਸੀ

ਪੁਲਿਸ ਨੇ ਕਰੀਬ 10 ਕਿਲੋਮੀਟਰ ਤੱਕ ਗੈਂਗਸਟਰ ਦਾ ਪਿੱਛਾ ਕੀਤਾ। ਸੁਖਦੇਵ ਇੰਨਾ ਚਲਾਕ ਸੀ ਕਿ ਉਸਨੇ ਮੋਟਰਸਾਈਕਲ ਪਿੰਡ ਦੇ ਸੂਇਆਂ ਵੱਲ ਭਜਾ ਦਿੱਤਾ। ਅਖੀਰ ਪੁਲਿਸ ਨੇ ਪਿੰਡ ਪੰਜੇਟਾ ਕੋਹਾੜਾ-ਮਾਛੀਵਾੜਾ ਰੋਡ ’ਤੇ ਜਾਲ ਵਿਛਾ ਦਿੱਤਾ। ਜਦੋਂ ਗੈਂਗਸਟਰ ਨੂੰ ਬਾਈਕ ‘ਤੇ ਆਉਂਦਾ ਦੇਖਿਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਪਹਿਲਾਂ ਗੈਂਗਸਟਰ ਸੁਖਦੇਵ ਨੇ ਇੰਸਪੈਕਟਰ ਬੇਅੰਤ ‘ਤੇ ਚਲਾਈਆਂ ਗੋਲੀਆਂ

ਪੁਲਿਸ ਦਾ ਦਾਅਵਾ ਹੈ ਕਿ ਸੁਖਦੇਵ ਨੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਗੱਲ ਸੁਣੇ ਬਿਨਾਂ ਹੀ ਗੋਲੀ ਚਲਾ ਦਿੱਤੀ। ਬੇਅੰਤ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਬਾਕੀ ਪੁਲਿਸ ਮੁਲਾਜ਼ਮਾਂ ਨੇ ਵੀ ਗੈਂਗਸਟਰ ‘ਤੇ ਗੋਲੀਆਂ ਚਲਾ ਦਿੱਤੀਆਂ। ਆਪਣੀ ਜਾਨ ਬਚਾਉਣ ਲਈ ਗੈਂਗਸਟਰ ਸੁਖਦੇਵ ਬਾਈਕ ਤੋਂ ਹੇਠਾਂ ਉਤਰ ਗਿਆ ਅਤੇ ਸੂਏ ਨੇੜੇ ਲੁਕ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਕਾਬਲੇ ਵਿੱਚ ਏਐਸਆਈ ਦਲਜੀਤ ਸਿੰਘ ਦੇ ਵੀ ਪੱਟ ਵਿੱਚ ਗੋਲੀ ਲੱਗੀ ਹੈ।

20 ਗੋਲੀਆਂ ਚੱਲਣ ਨਾਲ ਮਚਿਆ ਹੜਕੰਪ

ਦੋਵਾਂ ਪਾਸਿਆਂ ਤੋਂ 18 ਤੋਂ 20 ਗੋਲੀਆਂ ਚਲਾਈਆਂ ਗਈਆਂ। ਸੂਤਰਾਂ ਮੁਤਾਬਕ ਗੈਂਗਸਟਰ ਨੇ 5 ਤੋਂ 6 ਗੋਲੀਆਂ ਚਲਾਈਆਂ ਹਨ। ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਕਰੀਬ 2 ਮਿੰਟ ਤੱਕ ਚੱਲੀ। ਅਪਰਾਧੀ ਸੁਖਦੇਵ ਨੂੰ ਪੁਲਿਸ ਨੇ 2 ਮਿੰਟ ਦੇ ਅੰਦਰ ਹੀ ਮਾਰ ਦਿੱਤਾ ਸੀ। ਗੋਲੀਆਂ ਚੱਲਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।