ਕਪੂਰਥਲਾ : ਔਰਤ ਦਾ ਪਰਸ ਖੋਹ ਕੇ ਭੱਜਦੇ ਬਾਈਕ ਸਵਾਰ ਸਨੈਚਰਾਂ ਦੀ ਬੱਸ ਨਾਲ ਟੱਕਰ, ਟੁੱਟੀਆਂ ਲੱਤਾਂ

0
923

ਕਪੂਰਥਲਾ, 13 ਦਸੰਬਰ | ਇਥੋਂ ਦੇ ਡੀਸੀ ਚੌਕ ਕੋਲ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾਅ ਗਈ, ਜਿਸ ਮਗਰੋਂ ਇਕ ਸਨੈਚਰ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੱਸ ਨਾਲ ਟਕਰਾਅ ਕੇ ਇਕ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਪਛਾਣ ਪ੍ਰਭਜੋਤ ਵਾਸੀ ਮੁਸ਼ਕਵੇਦਾ ਵਜੋਂ ਹੋਈ ਹੈ।

ਇਸ ਮਾਮਲੇ ‘ਚ ਜ਼ਖਮੀ ਹੋਏ ਸਨੈਚਰ ਨੂੰ ਗੋਲੀ ਲੱਗਣ ਦਾ ਵੀ ਸ਼ੱਕ ਹੈ, ਜਿਸ ਸਬੰਧੀ ਡਾਕਟਰ ਸਿਧਾਰਥ ਬਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ ਜ਼ਖਮੀ ਨੌਜਵਾਨ ਦੇ ਗੋਡੇ ਤੋਂ ਹੇਠਾਂ ਗੋਲੀ ਲੱਗੀ ਹੈ ਅਤੇ ਹੱਡੀ ਟੁੱਟ ਗਈ ਹੈ। ਜਦੋਂਕਿ ਡੀਐਸਪੀ ਮੁਤਾਬਕ ਜ਼ਖ਼ਮੀ ਨੂੰ ਗੋਲੀ ਨਹੀਂ ਲੱਗੀ। ਬਾਈਕ ਦਾ ਸਟੈਂਡ ਉਸ ਦੇ ਗੋਡੇ ਤੋਂ ਪਾਰ ਹੋ ਗਿਆ ਹੈ, ਜਿਸ ਕਾਰਨ ਗੋਡੇ ਦੇ ਹੇਠਾਂ ਦੀ ਹੱਡੀ ਟੁੱਟ ਗਈ ਹੈ।

ਜਾਣਕਾਰੀ ਮੁਤਾਬਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ 2 ਸਨੈਚਰਾਂ ਦੀ ਬਾਈਕ ਬੱਸ ਸਟੈਂਡ ਨੇੜੇ ਪੀਆਰਟੀਸੀ ਦੀ ਬੱਸ ਨਾਲ ਟਕਰਾਅ ਗਈ, ਜਿਸ ਵਿਚ ਇਕ ਨੌਜਵਾਨ ਦੀ ਲੱਤ ਗੋਡੇ ਤੋਂ ਹੇਠਾਂ ਟੁੱਟ ਗਈ। ਜਦਕਿ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫਿਰ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਗੁਰਮੀਤ ਸਿੰਘ, ਸਿਟੀ ਥਾਣਾ-2 ਦੇ ਐਸਐਚਓ ਕੇਵਲ ਸਿੰਘ ਮੌਕੇ ’ਤੇ ਪੁੱਜੇ। ਡੀਐਸਪੀ ਨੇ ਦੱਸਿਆ ਕਿ ਉਕਤ ਬਾਈਕ ਸਵਾਰਾਂ ਨੇ ਡੀਸੀ ਚੌਕ ਤੋਂ ਇਕ ਔਰਤ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਜਿਥੇ ਪੁਲਿਸ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਵਾਸੀ ਮੁਸ਼ਕਵੇਦ ਵਜੋਂ ਹੋਈ ਹੈ।