‘ਮਾਨ ਸਰਕਾਰ ਤੁਹਾਡੇ ਦੁਆਰ’ ਯੋਜਨਾ ਸ਼ੁਰੂ, 43 ਸਰਕਾਰੀ ਸੇਵਾਵਾਂ ਲਈ ਇਹ ਹੈਲਪਲਾਈਨ ਨੰਬਰ ਹੋਇਆ ਜਾਰੀ

0
796

ਲੁਧਿਆਣਾ, 10 ਦਸੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਵਿਚ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਇਸ ਸਕੀਮ ਦੌਰਾਨ ਲੋਕਾਂ ਨੂੰ ਘਰ ਬੈਠੇ ਹੀ 43 ਸੇਵਾਵਾਂ ਦਾ ਲਾਭ ਮਿਲੇਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਿਰਫ਼ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਇਕ ਕ੍ਰਾਂਤੀਕਾਰੀ ਦਿਨ ਹੈ। ਕੇਜਰੀਵਾਲ ਨੇ ਕਿਹਾ ਕਿ ਜੋ ਕੰਮ ਅੱਜ ਪੰਜਾਬ ਵਿਚ ਸ਼ੁਰੂ ਕੀਤਾ ਗਿਆ ਹੈ, ਉਹ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਇਹ ਕੰਮ 75 ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।

ਅਰਵਿੰਦ ਕੇਜੀਰਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਜਾਣ ਦੀ ਲੋੜ ਨਹੀਂ ਹੋਵੇਗੀ, ਸਗੋਂ ਸਰਕਾਰੀ ਦਫ਼ਤਰ ਦੇ ਮੁਲਾਜ਼ਮ ਘਰ ਆ ਕੇ ਲੋਕਾਂ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ 1076 ਨੰਬਰ ਡਾਇਲ ਕਰਨ ਤੋਂ ਬਾਅਦ ਜਿਹੜਾ ਕੰਮ ਕਿਸੇ ਵੀ ਵਿਅਕਤੀ ਨੇ ਸਰਕਾਰ ਕੋਲੋਂ ਕਰਵਾਉਣਾ ਹੋਵੇਗਾ, ਉਸ ਕੰਮ ਲਈ ਜਿਹੜਾ ਸਮਾਂ ਵਿਅਕਤੀ ਦੇਵੇਗਾ, ਉਸੇ ਸਮੇਂ ‘ਤੇ ਹੀ ਸਰਕਾਰੀ ਮੁਲਾਜ਼ਮ ਘਰ ਆ ਕੇ ਉਸ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 2018 ਵਿਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਅੱਜ 5 ਸਾਲ ਹੋ ਗਏ ਹਨ, ਲੋਕ ਘਰ ਬੈਠੇ ਸੇਵਾਵਾਂ ਦਾ ਲਾਭ ਲੈ ਰਹੇ ਹਨ।

ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਗਈ ਸਕੀਮ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਵਿਚ ਅਸਲਾ ਲਾਇਸੈਂਸ, ਆਧਾਰ ਕਾਰਡ ਅਤੇ ਈ-ਸਟੈਂਪ ਪੇਪਰ ਨੂੰ ਛੱਡ ਕੇ ਲਗਭਗ ਸਾਰੀਆਂ ਸਰਕਾਰੀ ਸੇਵਾਵਾਂ ਇਸ ਸਕੀਮ ਦੇ ਦਾਇਰੇ ਵਿਚ ਆਉਣਗੀਆਂ। ਇਸ ਤਹਿਤ ਜਨਮ, ਵਿਆਹ, ਮੌਤ, ਆਮਦਨ, ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ ਖੇਤਰ, ਪਛੜਾ ਖੇਤਰ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਅਤੇ ਰੈਵੇਨਿਊ ਰਿਕਾਰਡਾਂ ਦਾ ਨਿਰੀਖਣ, ਲਾਭਪਾਤਰੀ ਬੱਚਿਆਂ ਨੂੰ ਵਜ਼ੀਫ਼ਾ, ਹੋਰ ਸਿਵਲ ਸਹੂਲਤਾਂ ਘਰ ਬੈਠੇ ਹੀ ਹੁਣ ਮਿਲਣਗੀਆਂ।

ਇਸ ਲਈ ਸਰਕਾਰ ਵੱਲੋਂ ਇਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ, ਜਿਸ ’ਤੇ ਕਾਲ ਕਰਕੇ ਲੋਕ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤੈਅ ਕਰ ਸਕਣਗੇ ਅਤੇ ਆਪਣਾ ਕੰਮ ਨਿਪਟਾਉਣਗੇ। ਸਮਾਂ ਅਤੇ ਤਰੀਕ ਤੈਅ ਹੋਣ ਮਗਰੋਂ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ, ਫ਼ੀਸਾਂ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ਸਮੇਂ ਦੇ ਨਾਲ ਇਕ ਐੱਸ. ਐੱਮ. ਐੱਸ. ਵੀ ਪ੍ਰਾਪਤ ਹੋਵੇਗਾ। ਇਸ ਕੰਮ ਨੂੰ ਪੂਰਾ ਕਰਨ ਲਈ, ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਟਾਫ਼ ਟੈਬਲੈੱਟਾਂ ਨਾਲ ਨਿਰਧਾਰਿਤ ਸਮੇਂ ’ਤੇ ਉਨ੍ਹਾਂ ਦੇ ਘਰਾਂ/ਦਫ਼ਤਰਾਂ ਦਾ ਦੌਰਾ ਕਰੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰੇਗਾ, ਫ਼ੀਸਾਂ ਇਕੱਠੀਆਂ ਕਰੇਗਾ ਅਤੇ ਰਸੀਦਾਂ ਦੇਣਗੇ, ਜਿਸ ਨਾਲ ਨਾਗਰਿਕ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰਨ ਦੇ ਯੋਗ ਹੋਣਗੇ। ਉਨ੍ਹਾਂ ਦੇ ਸਰਟੀਫਿਕੇਟਾਂ ਦੀ ਸਾਫ਼ਟ ਕਾਪੀ ਮੋਬਾਇਲ ਫ਼ੋਨ ’ਤੇ ਭੇਜੀ ਜਾਵੇਗੀ ਅਤੇ ਦਸਤਾਵੇਜ਼ਾਂ ਦੀ ਹਾਰਡ ਕਾਪੀ ਘਰ-ਘਰ ਪਹੁੰਚਾਈ ਜਾਵੇਗੀ।