ਮੋਗਾ, 8 ਦਸੰਬਰ | ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ‘ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਣ ਜਸਵੀਰ ਕੌਰ ਉਰਫ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਖਿਡਾਰਣ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਮੁਤਾਬਕ ਕਬੱਡੀ ਖਿਡਾਰਣ ਆਪਣੇ ਸਹੁਰੇ ਨਾਲ ਐਕਟਿਵਾ ‘ਤੇ ਦੋਲੇਵਾਲਾ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ‘ਚ ਜਾ ਰਹੀ ਸੀ ਕਿ ਰਸਤੇ ‘ਚ ਟੋਇਆ ਆ ਗਿਆ। ਰਿੰਕੂ ਸੜਕ ਦੇ ਵਿਚਕਾਰ ਡਿੱਗ ਕੇ ਟਰੈਕਟਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਰਿੰਕੂ ਭੈਣੀ ਦੀ ਮੌਤ ਤੋਂ ਬਾਅਦ ਮੋਗਾ ਦੇ ਪਿੰਡ ਮੰਗੇਵਾਲਾ ‘ਚ ਸੋਗ ਦੀ ਲਹਿਰ ਛਾ ਗਈ ਹੈ। ਪੁਲਿਸ ਨੇ ਧਾਰਾ 174 ਤਹਿਤ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।








































