ਲੁਧਿਆਣਾ, 5 ਦਸੰਬਰ | ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਜੋਆਣਾ ਮਾਮਲੇ ’ਚ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ਼ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੇ ਚਿੱਠੀ ਵਿਚ ਇਹ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ ਤੇ ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਹੱਥ ਜੋੜ ਕੇ ਮੁਆਫ਼ੀ ਨਹੀਂ ਮੰਗਣਗੇ ਤਾਂ ਉਹ ਭੁੱਖ-ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਆਪਣੀ ਜਾਨ ਬਚਾਉਣ ਲਈ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਨਾਲ ਮੁਲਾਕਾਤ ਕਰਨ ਗਏ ਅਤੇ ਬਾਅਦ ਵਿਚ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਮੁਲਾਕਾਤ ਕਰਨ ਦਾ ਡਰਾਮਾ ਕੀਤਾ।
ਉਨ੍ਹਾਂ ਕਿਹਾ ਕਿ ਰਾਜੋਆਣਾ ਆਪਣੇ ਨਾਲੋਂ ਬਾਦਲਾਂ ਦਾ ਟੈਗ ਲਾਹੁਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਮੁਆਫ਼ੀ ਮੰਗੇ ਅਤੇ ਹੁਣ ਰਾਜੋਆਣਾ ਨੇ ਵੀ ਇਹੀ ਗੱਲ ਦੁਹਰਾਈ ਹੈ।
ਬਿੱਟੂ ਨੇ ਕਿਹਾ ਕਿ ਇਕ ਅਪਰਾਧੀ ਨੂੰ ਦੂਜੇ ਅਪਰਾਧੀ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੌਣ ਜਾਣਦਾ ਹੈ ਕਿ ਉਹ ਜੇਲ ਵਿਚ ਸੁਰੰਗ ਜਾਂ ਬੰਬ ਆਦਿ ਬਣਾਉਣ ਦੀ ਸਕੀਮ ਬਣਾ ਲੈਣ। ਜੇਕਰ ਇਸ ਤੋਂ ਬਾਅਦ ਕੋਈ ਹਾਦਸਾ ਵਾਪਰ ਗਿਆ ਤਾਂ ਆਮ ਲੋਕ ਕੀ ਕਰਨਗੇ।
ਰਵਨੀਤ ਬਿੱਟੂ ਨੇ ਕਿਹਾ ਕਿ ਬਾਦਲ ਪਰਿਵਾਰ ਮੁਤਾਬਕ ਜੇਕਰ ਇਹ ਕੌਮ ਦੇ ਹੀਰੇ ਹਨ ਤਾਂ ਐਸਜੀਪੀਸੀ ਦੀ ਪ੍ਰਧਾਨਗੀ ਰਾਜੋਆਣਾ ਨੂੰ ਕਿਉਂ ਨਹੀਂ ਦਿੱਤੀ ਜਾਂਦੀ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਭਿਓਰੇ ਨੂੰ ਕਿਉਂ ਨਹੀਂ ਲਗਾ ਦਿੰਦੇ। ਫਿਰ ਹੀਰੇ ਆਪਣੇ-ਆਪ ਚਮਕ ਕੇ ਲੋਕਾਂ ਸਾਹਮਣੇ ਆ ਜਾਣਗੇ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਅਕਾਲੀ ਦਲ ਹੁਣ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਿਹਾ ਹੈ, ਜਦੋਂ ਉਨ੍ਹਾਂ ਕੋਲ ਮੰਤਰੀ ਦੇ ਅਹੁਦੇ ਸਨ ਤਾਂ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ।