ਪੰਜਾਬ ‘ਚ ਪਵੇਗੀ ਹੱਡ ਚੀਰਵੀਂ ਠੰਡ, ਆਉਣ ਵਾਲੇ ਦਿਨਾਂ ‘ਚ ਚੱਲੇਗੀ ਸੀਤ ਲਹਿਰ ਤੇ ਪਵੇਗਾ ਮੀਂਹ !

0
590

ਚੰਡੀਗੜ੍ਹ, 4 ਦਸੰਬਰ| ਪੰਜਾਬ ਵਿੱਚ ਮੌਸਮ ਆਪਣਾ ਮਿਜਾਜ਼ ਬਦਲ ਰਿਹਾ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੰਘਣੀ ਧੁੰਦ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਵਿੱਚ ਤਬਦੀਲੀ ਕਾਰਨ ਦਰਮਿਆਨੀ ਤੋਂ ਸੰਘਣੀ ਧੁੰਦ ਪੈ ਸਕਦੀ ਹੈ । ਦਸੰਬਰ ਦੇ ਸ਼ੁਰੂ ਵਿੱਚ ਧੁੰਦ ਦਾ ਪ੍ਰਭਾਵ ਵੀ ਤੇਜ਼ ਹੋ ਗਿਆ ਹੈ।

ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਧੁੰਦ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਠੰਡ ਦਾ ਪ੍ਰਭਾਵ ਹੌਲੀ-ਹੌਲੀ ਵਧੇਗਾ ਅਤੇ ਧੁੰਦ ਆਪਣਾ ਰੰਗ ਦਿਖਾਏਗੀ।

ਧੁੰਦ ਕਾਰਨ ਸੀਤ ਲਹਿਰ ਚੱਲੇਗੀ ਅਤੇ ਠੰਡ ਵਿੱਚ ਵਾਧਾ ਹੋਵੇਗਾ । ਉਥੇ ਹੀ ਦੂਜੇ ਪਾਸੇ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਣ ਠੰਡ ਵਿੱਚ ਵਾਧਾ ਹੋ ਸਕਦਾ ਹੈ। ਪਹਾੜੀ ਇਲਾਕਿਆਂ ਵਿੱਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸਦਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਦਿਖਾਈ ਦੇ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਣੇ ਕਈ ਸੂਬਿਆਂ ਵਿੱਚ ਮੀਂਹ ਪਵੇਗਾ । ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੀਤੇ ਦਿਨੀਂ ਬਾਰਸ਼ ਹੋਣ ਤੋਂ ਬਾਅਦ ਮੌਸਮ ਵਿਚ ਵੱਡਾ ਬਦਲਾਅ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਨੇ ਪੰਜਾਬ ਵਿੱਚ ਠੰਡ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਦੱਖਣੀ ਉੜੀਸਾ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ।