ਖੰਨਾ, 19 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਭਿਆਨਕ ਹਾਦਸਾ ਹੋਇਆ। ਇਹ ਹਾਦਸਾ ਮਲੌਦ ਥਾਣਾ ਤਹਿਤ ਆਉਂਦੇ ਲਹਿਲ ਪਿੰਡ ਕੋਲ ਹੋਇਆ। ਇਸ ਐਕਸੀਡੈਂਟ ਉਦੋਂ ਹੋਇਆ, ਜਦੋਂ ਮਹਿਲਾਵਾਂ ਮਨਰੇਗਾ ਤਹਿਤ ਸੜਕ ਕਿਨਾਰੇ ਸਫਾਈ ਕਰ ਰਹੀਆਂ ਸਨ। ਉਸੇ ਸਮੇਂ ਓਵਰਸਪੀਡ ਕਾਰ ਸਿੱਧੇ ਉਨ੍ਹਾਂ ਦੇ ਉਪਰ ਚੜ੍ਹ ਗਈ।
ਮ੍ਰਿਤਕਾਂ ਦੀ ਪਛਾਣ ਬੁਧਾ (70) ਤੇ ਬਲਜਿੰਦਰ ਕੌਰ (55) ਵਜੋਂ ਹੋਈ ਹੈ। ਦੋਵੇਂ ਲਹਿਲ ਪਿੰਡ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਦੌਰਾਨ ਨਹਿਰ ਵਿਚ ਛਾਲ ਮਾਰ ਕੇ ਜਾਨ ਬਚਾਉਣ ਵਾਲੀ ਇਨ੍ਹਾਂ ਦੀ ਤੀਜੀ ਸਾਥਣ ਨੇ ਦੱਸਿਆ ਕਿ ਉਹ ਤਿੰਨੋਂ ਸੜਕ ਕਿਨਾਰੇ ਸਫਾਈ ਕਰ ਰਹੀਆਂ ਸਨ। ਉਸੇ ਸਮੇਂ ਇਕ ਕਾਰ ਬਹੁਤ ਤੇਜ਼ ਰਫਤਾਰ ਨਾਲ ਆਈ। ਅਚਾਨਕ ਡਰਾਈਵਰ ਨੇ ਕਾਰ ਬੁਧਾ ਤੇ ਬਲਜਿੰਦਰ ਕੌਰ ‘ਤੇ ਚੜ੍ਹਾ ਦਿੱਤੀ। ਉਸ ਨੇ ਜਾਨ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਦੋਵੇਂ ਮਹਿਲਾਵਾਂ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਕਾਰ ਦਾ ਡਰਾਈਵਰ ਫੋਨ ‘ਤੇ ਗੱਲਾਂ ਕਰਦਾ ਦੱਸਿਆ ਜਾ ਰਿਹਾ ਹੈ ਜਦੋਂ ਕਾਰ ਮਹਿਲਾਵਾਂ ਦੇ ਨੇੜੇ ਪਹੁੰਚੀ ਤਾਂ ਉਸ ਦਾ ਕੰਟਰੋਲ ਨਹੀਂ ਰਿਹਾ ਤੇ ਕਾਰ ਦੋਵੇਂ ਔਰਤਾਂ ਨੂੰ ਕੁਚਲਦੀ ਹੋਈ ਲੈ ਗਈ। ਰਫਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਬ੍ਰੇਕ ਤੱਕ ਨਹੀਂ ਲਗਾ ਸਕਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।