ਲੁਧਿਆਣਾ ‘ਚ ਭਾਰੀ ਮਾਤਰਾ ‘ਚ ਗਊ ਮਾਸ ਹੋਇਆ ਬਰਾਮਦ; ਮਚਿਆ ਹੜਕੰਪ

0
574

ਲੁਧਿਆਣਾ, 13 ਨਵੰਬਰ | ਲੁਧਿਆਣਾ ਦੇ ਢੰਡਾਰੀ ਇਲਾਕੇ ਵਿਚੋਂ ਗਊ ਮਾਸ ਦੇ 298 ਡੱਬੇ ਬਰਾਮਦ ਕੀਤੇ ਗਏ। ਗਊ ਰਕਸ਼ਾ ਦਲ ਦੀ ਮਦਦ ਨਾਲ ਲੁਧਿਆਣਾ ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦੋਂ ਟਰੱਕ ਡਰਾਈਵਰ ਆਪਣੇ ਸਾਥੀ ਨਾਲ ਗਊ ਮਾਸ ਜੰਮੂ-ਕਸ਼ਮੀਰ ਵੱਲ ਨੂੰ ਲੈ ਕੇ ਜਾ ਰਿਹਾ ਸੀ। ਕਾਰਵਾਈ ਦੌਰਾਨ ਚਾਲਕ ਅਤੇ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਾਨੇਵਾਲ ਦੀ ਪੁਲਿਸ ਨੇ ਪੱਕਾ ਬਾਗ ਰੋਪੜ ਦੇ ਰਹਿਣ ਵਾਲੇ ਗਊ ਰਕਸ਼ਾ ਦਲ ਪੰਜਾਬ ਦੇ ਚੇਅਰਮੈਨ ਨਿਕਸਿਨ ਕੁਮਾਰ ਦੀ ਸ਼ਿਕਾਇਤ ਉਤੇ ਉੱਤਰ ਪ੍ਰਦੇਸ਼ ਦੇ ਵਾਸੀ ਕੰਟੇਨਰ ਚਾਲਕ, ਅਲਤਾਫ ਅਹਿਮਦ, ਗੁਲਸ਼ਨ ਆਬਾਦ, ਪਿੰਡ ਚੌਰਾ ਪਟਿਆਲਾ ਦੇ ਰਹਿਣ ਵਾਲੇ ਹਾਜ਼ਰ ਦਿਲਸ਼ਾਦ ਅਤੇ ਮਾਲੇਰਕੋਟਲਾ ਦੇ ਵਾਸੀ ਕਾਕਾ ਸਲੀਮ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਜੰਮੂ-ਕਸ਼ਮੀਰ ਨੰਬਰ ਦਾ ਇਕ ਚਿੱਟੇ ਰੰਗ ਦਾ ਕੰਟੇਨਰ ਡੱਬਿਆਂ ਵਿਚ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਅਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੱਲ ਨੂੰ ਜਾਵੇਗਾ। ਜਾਣਕਾਰੀ ਤੋਂ ਬਾਅਦ ਗਊ ਰਕਸ਼ਾ ਦਲ ਨੇ ਢੰਡਾਰੀ ਕਲਾਂ ਇਲਾਕੇ ਵਿਚ ਟਰੱਕ ਨੂੰ ਰੋਕਿਆ। ਇਸ ਦੌਰਾਨ ਚਾਲਕ ਆਪਣੇ ਸਾਥੀ ਸਮੇਤ ਟਰੱਕ ਵਿਚੋਂ ਨਿਕਲ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਏਐਸਆਈ ਰਘਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੰਟੇਨਰ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।