ਲੁਧਿਆਣਾ : ਫੈਕਟਰੀ ‘ਚ ਵੱਜ ਰਹੇ ਢੋਲ ਨੂੰ ਬੰਦ ਕਰਵਾਉਣ ਗਿਆ ਨੌਜਵਾਨ; ਬਹਿਸ ਦੌਰਾਨ ਪਿਆ ਦਿਲ ਦਾ ਦੌਰਾ, ਮੌਤ

0
393

ਲੁਧਿਆਣਾ, 3 ਨਵੰਬਰ | ਕੱਲ ਰਾਤ ਪ੍ਰੀਤ ਪੈਲੇਸ ਦੇ ਪਿੱਛੇ ਜੰਮੂ ਕਾਲੋਨੀ ਵਿਚ ਬਹਿਸ ਦੌਰਾਨ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਗਲੀ ਨੰਬਰ 7 ਵਿਚ ਸਥਿਤ ਕੈਮੀਕਲ ਫੈਕਟਰੀ ਰੋਜ਼ ਢੋਲ ਵਜਾਇਆ ਜਾਂਦਾ ਸੀ। ਇਸ ਨੂੰ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਨੇ ਦੇਰ ਰਾਤ ਤੱਕ ਧਰਨਾ ਦਿੱਤਾ।

ਪਹਿਲਾਂ ਵੀ ਕਈ ਵਾਰ ਇਲਾਕੇ ਦੇ ਲੋਕਾਂ ਨੇ ਫੈਕਟਰੀ ਮਾਲਕ ਨੂੰ ਰਾਤ ਸਮੇਂ ਢੋਲ ਬੰਦ ਕਰਨ ਦੀ ਬੇਨਤੀ ਕੀਤੀ ਸੀ ਪਰ ਕੱਲ ਰਾਤ ਉਕਤ ਨੌਜਵਾਨ ਦੀ ਫੈਕਟਰੀ ਮਾਲਕ ਨਾਲ ਬਹਿਸ ਹੋ ਗਈ। ਇਸ ਦੌਰਾਨ ਜਦੋਂ ਵਿਪਨ ਨਾਂ ਦੇ ਨੌਜਵਾਨ ਨੇ ਬਹਿਸ ਕਰਦੇ ਹੋਏ ਉੱਚੀ-ਉੱਚੀ ਰੌਲਾ ਪਾਇਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਦੀਪ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਪਨ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਵਿਪਨ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਰਜਨੀ ਇੰਡਸਟਰੀਜ਼ ਦੇ ਲੋਕਾਂ ਨੇ ਫੈਕਟਰੀ ‘ਚ ਵੱਜ ਰਹੇ ਢੋਲ ਨੂੰ ਬੰਦ ਨਹੀਂ ਕੀਤਾ ਤਾਂ ਪੂਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਉਸ ਨੂੰ ਸਮਝਾਇਆ ਕਿ ਉਹ ਰਾਤ ਨੂੰ ਢੋਲ ਬੰਦ ਕਰ ਦੇਵੇ ਕਿਉਂਕਿ ਇਸ ਨਾਲ ਬਹੁਤ ਰੌਲਾ ਪੈਂਦਾ ਹੈ। ਲੋਕ ਰਾਤ ਨੂੰ ਸੌਣ ਤੋਂ ਅਸਮਰੱਥ ਹਨ। ਇਸ ਦੌਰਾਨ ਗੁੱਸੇ ਵਿਚ ਆਏ ਫੈਕਟਰੀ ਮਾਲਕ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਬੇਟੇ ਵਿਪਨ ਦੀ ਫੈਕਟਰੀ ਮਾਲਕ ਨਾਲ ਬਹਿਸ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੈਕਟਰੀ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਫਿਲਹਾਲ ਵਿਪਨ ਦੀ ਲਾਸ਼ ਨੂੰ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।