ਕਪੂਰਥਲਾ : ਬੱਚਿਆਂ ਦੇ ਝਗੜੇ ਨੂੰ ਲੈ ਕੇ 2 ਧਿਰਾਂ ‘ਚ ਹੋਈ ਫਾਇਰਿੰਗ; ਇਕ ਨੌਜਵਾਨ ਦੀ ਮੌਤ

0
1317

ਕਪੂਰਥਲਾ/ਸਿੱਧਵਾਂ ਦੋਨਾ, 31 ਅਕਤੂਬਰ | ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿਚ ਕੱਲ ਰਾਤ ਪੁਰਾਣੀ ਰੰਜਿਸ਼ ਕਾਰਨ 2 ਗੁੱਟਾਂ ਵਿਚ ਝੜਪ ਮਗਰੋਂ ਗੋਲੀਬਾਰੀ ਹੋਈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਤਰਸੇਮ ਵਾਸੀ ਸਿੱਧਵਾਂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਦੋਨਾ ਵਿਚ ਕੁਝ ਦਿਨ ਪਹਿਲਾਂ ਬੱਚਿਆਂ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਦੇਰ ਰਾਤ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ, ਜਿਸ ਵਿਚ ਇਕ ਧੜੇ ਦੇ ਵਿਅਕਤੀ ਵੱਲੋਂ ਗੋਲੀਬਾਰੀ ਵੀ ਕੀਤੀ ਗਈ। ਗੋਲੀਬਾਰੀ ਵਿਚ ਇਕ ਨੌਜਵਾਨ ਦੀ ਛਾਤੀ ਵਿਚ ਗੋਲੀ ਲੱਗੀ। ਜ਼ਖਮੀ ਵਿਜੇ ਕੁਮਾਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ। ਵਿਜੇ ਕੁਮਾਰ ਦੀ ਰਾਤ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।