ਲੁਧਿਆਣਾ : ਤੇਜ਼ ਰਫ਼ਤਾਰ ਬਲੈਰੋ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ; ਨੌਜਵਾਨ ਦੀ ਮੌਕੇ ‘ਤੇ ਮੌਤ, 3 ਸੀਰੀਅਸ

0
260

ਲੁਧਿਆਣਾ, 31 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਸੋਮਵਾਰ ਦੇਰ ਰਾਤ ਤਾਜਪੁਰ ਰੋਡ ‘ਤੇ ਇਕ ਤੇਜ਼ ਰਫ਼ਤਾਰ ਬਲੈਰੋ ਨੇ ਬਾਈਕ ਸਵਾਰ 3 ਨੌਜਵਾਨਾਂ ਸਮੇਤ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਹੋਣ ਕਾਰਨ ਡਰਾਈਵਰ ਗੱਡੀ ’ਤੇ ਕਾਬੂ ਨਹੀਂ ਰੱਖ ਸਕਿਆ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਹੋਰ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ।

ਬਲੈਰੋ ਦੀ ਟੱਕਰ ਵਿਚ ਮਰਨ ਵਾਲੇ ਵਿਅਕਤੀ ਦਾ ਨਾਂ ਜੈਰਾਮ ਹੈ ਜੋ ਗੁਰੂ ਰਾਮਦਾਸ ਨਗਰ ਦਾ ਰਹਿਣ ਵਾਲਾ ਹੈ। ਉਸ ਦੇ ਭਤੀਜੇ ਨਿਖਿਲ ਨੇ ਦੱਸਿਆ ਕਿ ਜੈਰਾਮ ਇਕ ਮੈਡੀਕੇਅਰ ਕੰਪਨੀ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ। ਹਾਦਸੇ ਵਿਚ ਉਸਦੇ ਸਾਲੇ ਸੁਨੀਲ ਅਤੇ ਬਿਮਲੇਸ਼ ਗੰਭੀਰ ਜ਼ਖ਼ਮੀ ਹੋ ਗਏ। ਪੈਦਲ ਚੱਲਣ ਵਾਲਾ ਵਿਕਾਸ ਕੁਮਾਰ ਵੀ ਜ਼ਖ਼ਮੀ ਹੋ ਗਿਆ।

ਬਲੈਰੋ ਨਾਲ ਟਕਰਾਉਣ ਤੋਂ ਬਾਅਦ ਬਾਈਕ ਸਵਾਰ ਵਿਅਕਤੀ ਹਵਾ ‘ਚ ਉਛਲ ਕੇ ਕਈ ਫੁੱਟ ਦੂਰ ਜਾ ਡਿੱਗਿਆ। ਇਸ ‘ਚ ਜੈਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਹਾਦਸੇ ‘ਚ 3 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਬਲੈਰੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਮਾਮਲੇ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਚੌਕੀ ਤਾਜਪੁਰ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ‘ਚ ਜ਼ਖਮੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਜੀਜਾ ਜੈਰਾਮ ਅਤੇ ਭਰਾ ਬਿਮਲੇਸ਼ ਨਾਲ ਬਾਈਕ ‘ਤੇ ਕਿਸੇ ਕੰਮ ਲਈ ਜਾ ਰਿਹਾ ਸੀ। ਉਦੋਂ ਇਕ ਤੇਜ਼ ਰਫ਼ਤਾਰ ਬਲੈਰੋ ਕਾਰ ਨੇ ਉਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਦੇ ਜੀਜਾ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਬਲੈਰੋ ਦਾ ਟਾਇਰ ਉਸ ਦੇ ਜੀਜੇ ‘ਤੇ ਚੜ੍ਹ ਗਿਆ। ਹਾਦਸੇ ਵਿਚ ਉਸ ਦੇ ਭਰਾ ਬਿਮਲੇਸ਼ ਨੂੰ ਮਾਮੂਲੀ ਸੱਟਾਂ ਲੱਗੀਆਂ।

ਉਕਤ ਬਲੈਰੋ ਚਾਲਕ ਨੇ ਪੈਦਲ ਕੰਮ ਤੋਂ ਘਰ ਪਰਤ ਰਹੇ ਵਿਕਾਸ ਕੁਮਾਰ ਨੂੰ ਵੀ ਕੁਚਲ ਦਿੱਤਾ, ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿਥੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।