ਤਰਨਤਾਰਨ/ਝਬਾਲ, 30 ਅਕਤੂਬਰ । ਪਿੰਡ ਭੋਜੀਆਂ ਵਿਚ ਸਾਂਝੀ ਕੰਧ ਢਾਹੁਣ ਨੂੰ ਲੈ ਕੇ ਹੋਏ ਝਗੜੇ ਦੇ ਚੱਲਦਿਆਂ ਪਿੰਡ ਦੇ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕੇਸ ਦਰਜ ਕਰ ਲਿਆ ਹੈ। ਮੌਤ ਤੋਂ ਪਹਿਲਾਂ ਗੰਭੀਰ ਜ਼ਖਮੀ ਹਾਲਤ ਵਿਚ ਨੌਜਵਾਨ ਨੇ ਪੁਲਿਸ ਨੂੰ ਬਿਆਨ ਦਰਜ ਕਰਵਾ ਦਿੱਤੇ ਸਨ।
ਮਨਬੀਰ ਸਿੰਘ ਵਾਸੀ ਭੋਜੀਆਂ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਦੇਰ ਸ਼ਾਮ 8 ਵਜੇ ਦੇ ਕਰੀਬ ਉਹ ਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਘਰ ਨੂੰ ਆ ਰਿਹਾ ਸੀ। ਰਸਤੇ ਵਿਚ ਖੜ੍ਹੇ ਰੇਸ਼ਮ ਸਿੰਘ ਵਾਸੀ ਭੋਜੀਆਂ ਤੇ ਉਸ ਦੇ ਸਾਥੀਆਂ ਨੇ ਸਾਂਝੀ ਕੰਧ ਢਾਹੁਣ ਦੀ ਰੰਜਿਸ਼ ਤਹਿਤ ਉਸ ’ਤੇ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ।
ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਨਬੀਰ ਦੇ ਬਿਆਨਾਂ ’ਤੇ ਦਰਜ ਕੀਤੇ ਕੇਸ ਵਿਚ ਰੇਸ਼ਮ ਸਿੰਘ, ਗੱਜਣ ਸਿੰਘ, ਹਰਮਨ ਸਿੰਘ, ਕੁੰਦਨ ਸਿੰਘ, ਗੁਰਪ੍ਰੀਤ ਸਿੰਘ ਅਤੇ ਬਲਵੰਤ ਵਾਸੀ ਭੋਜੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਕੁੱਟਮਾਰ ਸਬੰਧੀ ਦਰਜ ਉਕਤ ਕੇਸ ਨੂੰ ਕਤਲ ਦੇ ਮਾਮਲੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।






































