ਕਪੂਰਥਲਾ, 29 ਅਕਤੂਬਰ | ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾ ਵਿਖੇ ਛੱਤ ‘ਤੇ ਖੇਡ ਰਹੀਆਂ 2 ਬੱਚੀਆਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਪੈ ਗਿਆ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਛੱਤ ‘ਤੇ ਬੱਚੀਆਂ ਖੇਡ ਰਹੀਆਂ ਸਨ ਕਿ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਈਆਂ, ਜਿਸ ਕਾਰਨ ਰਾਜਦੀਪ ਕੌਰ ਪੁੱਤਰੀ ਧਰਮਪਾਲ ਵਾਸੀ ਧਾਲੀਵਾਲ ਦੋਨਾਂ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ।
ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਿਊਟੀ ‘ਤੇ ਤਾਇਨਾਤ ਡਾ. ਨਵਦੀਪ ਕੌਰ ਨੇ ਰਾਜਦੀਪ ਕੌਰ ਨੂੰ ਮ੍ਰਿਤ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਰਾਜਦੀਪ ਕੌਰ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ। ਕੁੜੀ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।