ਫਾਜ਼ਿਲਕਾ : ਗਲੀ ‘ਚ ਉਸਾਰੀ ਅਧੀਨ ਮਕਾਨ ਲਈ ਰੱਖਿਆ ਸੀ ਸਰੀਆ; ਗੁਆਂਢੀਆਂ ਨਾਲ ਹੋਇਆ ਝਗੜਾ; ਧੱਕਾ ਮਾਰ ਕੇ ਸਰੀਏ ‘ਤੇ ਸੁੱਟਿਆ ਨੌਜਵਾਨ, ਮੌਤ

0
1420

ਫਿਰੋਜ਼ਪੁਰ/ਜਲਾਲਾਬਾਦ, ਫਾਜ਼ਿਲਕਾ, 29 ਅਕਤੂਬਰ | ਪਿੰਡ ਚੱਕ ਜਮਾਲਗੜ੍ਹ ’ਚ ਮਕਾਨ ਬਣਾਉਣ ਨੂੰ ਲੈ ਕੇ ਵਿਅਕਤੀ ਦਾ ਗੁਆਂਢੀਆਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਝਗੜੇ ’ਚ ਗੁਆਂਢੀਆਂ ਨੇ ਉਸ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸਰੀਏ ’ਤੇ ਜਾ ਡਿੱਗਾ। ਪਰਿਵਾਰ ਨੇ ਜਦੋਂ ਤਕ ਵਿਅਕਤੀ ਨੂੰ ਸੰਭਾਲਿਆ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਜਾਂਚ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਵਾਸੀ ਚੱਕ ਜਮਾਲਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨਵਾਂ ਮਕਾਨ ਬਣਾਉਣ ਲਈ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ ਤੇ ਭਲਕੇ ਲੈਂਟਰ ਪਾਉਣਾ ਸੀ। ਉਸਦੇ ਪਿਤਾ ਜੰਗੀਰ ਚੰਦ ਨੇ ਬਾਜ਼ਾਰੋਂ ਸਰੀਆ ਲਿਆਂਦਾ ਸੀ।

ਦੁਪਹਿਰ ਕਰੀਬ ਡੇਢ ਵਜੇ ਉਸਦਾ ਗੁਆਂਢੀ ਖਰੈਤ ਲਾਲ ਵਾਸੀ ਚੱਕ ਜਮਾਲਗੜ੍ਹ ਘਰ ਤੋਂ ਬਾਹਰ ਆਇਆ ਤੇ ਉਸਦੇ ਪਿਤਾ ਨਾਲ ਗਾਲੀ-ਗਲੋਚ ਕਰਨ ਲੱਗਾ ਤੇ ਕਹਿਣ ਲੱਗਾ ਕਿ ਸਰੀਆ ਸੜਕ ’ਤੇ ਕਿਉਂ ਰੱਖਿਆ ਹੈ ਪਰ ਇੰਨੇ ’ਚ ਉਸਦਾ ਲੜਕਾ ਵੀ ਬਾਹਰ ਆ ਗਿਆ ਤੇ ਦੋਵੇਂ ਪਿਓ-ਪੁੱਤ ਉਸਦੇ ਪਿਤਾ ਨਾਲ ਝਗੜਾ ਕਰਨ ਲੱਗੇ। ਇਸ ਦੌਰਾਨ ਖਰੈਤ ਲਾਲ ਨੇ ਉਸਦੇ ਪਿਤਾ ਨੂੰ ਧੱਕਾ ਮਾਰਿਆ ਤਾਂ ਉਹ ਸਰੀਏ ’ਤੇ ਡਿੱਗ ਪਏ। ਪਰਿਵਾਰ ਨੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਐੱਸਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਖਰੈਤ ਲਾਲ ’ਤੇ ਪਰਚਾ ਦਰਜ ਕਰ ਲਿਆ ਹੈ।