ਇਜ਼ਰਾਈਲ-ਹਮਾਸ ਜੰਗ ‘ਚ ਹੁਣ ਤਕ 1100 ਤੋਂ ਵੱਧ ਲੋਕਾਂ ਦੀ ਮੌਤ; 10 ਨੇਪਾਲੀ ਵਿਦਿਆਰਥੀਆਂ ਦੀ ਵੀ ਗਈ ਜਾਨ

0
933

ਨਵੀਂ ਦਿੱਲੀ, 9 ਅਕਤੂਬਰ | ਇਜ਼ਰਾਈਲ ਤੇ ਹਮਾਸ ਵਿਚ ਯੁੱਧ ਵਿਚਾਲੇ ਹੁਣ ਤੱਕ 1100 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਵੱਲੋਂ ਅਚਾਨਕ ਕੀਤੇ ਗਏ ਹਮਲਿਆਂ ਵਿਚ ਇਜ਼ਰਾਈਲ ਦੇ ਹਜ਼ਾਰਾਂ ਲੋਕ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਵੱਲੋਂ ਪਲਟਵਾਰ ਵਿਚ ਗਾਜ਼ਾ ਪੱਟੀ ਤੋਂ ਲਗਭਗ 350 ਮੌਤਾਂ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦਰਮਿਆਨ ਅਮਰੀਕਾ-ਭਾਰਤ ਸਣੇ ਕਈ ਦੇਸ਼ਾਂ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਇਜ਼ਰਾਈਲ ‘ਤੇ ਹਮਲਿਆਂ ਦੇ ਮੱਦੇਨਜ਼ਰ ਉਸ ਨੂੰ 8 ਲੱਖ ਡਾਲਰ ਦੀ ਮਦਦ ਮੁਹੱਈਆ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਸੀਂ ਜ਼ਖਮੀਆਂ ਦੇ ਇਲਾਜ ਲਈ ਮਦਦ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਹਮਾਸ ਅੱਤਵਾਦੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਈਲ ਵਿਚ ਮੌਜੂਦਾ ਸਥਿਤੀ ਵਿਚ ਲਗਭਗ 10 ਨੇਪਾਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਵਿਚ ਨੇਪਾਲ ਦੂਤਾਵਾਸ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਯੁੱਧ ਪ੍ਰਭਾਵਿਤ ਇਜ਼ਰਾਈਲ ਤੇ ਫਲਸਤੀਨ ਦੇ ਕੁਝ ਇਲਾਕਿਆਂ ਵਿਚ ਫਸੇ 27 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਮਿਸਰ ਪਹੁੰਚਾ ਦਿੱਤਾ ਗਿਆ ਹੈ। ਅਗਲੀ ਕਾਰਵਾਈ ਹੁਣ ਇਨ੍ਹਾਂ ਲੋਕਾਂ ਦੀ ਵਤਨ ਵਾਪਸੀ ਦੀ ਹੋਵੇਗੀ।