ਪੰਜਾਬੀ ਫਿਲਮ ਡਾਇਰੈਕਟਰ ਤੇ ਕਿਰਾਏਦਾਰ ਵਿਚਾਲੇ ਕੁੱਟਮਾਰ, ਦੁਕਾਨ ਖ਼ਾਲੀ ਕਰਵਾਉਣ ਪਹੁੰਚੀ ਸੀ ਤੇਜੀ ਸੰਧੂ

0
557

ਲੁਧਿਆਣਾ, 3 ਅਕਤੂਬਰ | ਪੰਜਾਬੀ ਫਿਲਮ ਡਾਇਰੈਕਟਰ ਤੇ ਲੋਕ ਇਨਸਾਫ਼ ਪਾਰਟੀ ਦੀ ਆਗੂ ਤੇਜੀ ਸੰਧੂ ਤੇ ਉਸਦੇ ਕਿਰਾਏਦਾਰ ਵਿਚਾਲੇ ਸੋਮਵਾਰ ਨੂੰ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਧੂ ਦੁੱਗਰੀ ਦੇ ਭਾਈ ਹਿੰਮਤ ਸਿੰਘ ਨਗਰ ਸਥਿਤ ਆਪਣੀ ਦੁਕਾਨ ਖਾਲੀ ਕਰਵਾਉਣ ਦੇ ਇਰਾਦੇ ਨਾਲ ਪਹੁੰਚੀ ਸੀ। ਉਸ ਦਾ ਭਰਾ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸੀ। ਇਸ ਦੌਰਾਨ ਝਗੜਾ ਵੱਧ ਗਿਆ ਤੇ ਉਨ੍ਹਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਜ਼ਖ਼ਮੀ ਹੋਏ ਭਰਾ-ਭੈਣ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਘਟਨਾ ਤੋਂ ਬਾਅਦ ਲੱਕੜ ਦੀ ਦੁਕਾਨ ਕਰਨ ਵਾਲਾ ਦੁਕਾਨਦਾਰ ਵੀ ਜ਼ਖ਼ਮੀ ਹਾਲਤ ’ਚ ਪੁਲਿਸ ਥਾਣੇ ਪੁੱਜਾ।

ਤੇਜੀ ਸੰਧੂ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਨ੍ਹਾਂ ਕੋਲੋਂ ਦੁਕਾਨ ਕਿਰਾਏ ’ਤੇ ਲਈ ਸੀ ਤੇ ਪਿਛਲੇ 7 ਸਾਲਾਂ ਤੋਂ ਕਿਰਾਇਆ ਨਹੀਂ ਦੇ ਰਿਹਾ। 14 ਹਜ਼ਾਰ ਰੁਪਏ ਕਿਰਾਇਆ ਹੈ, ਜਦਕਿ ਪਿਛਲੇ 7 ਸਾਲਾਂ ’ਚ ਉਸ ਨੇ ਸਿਰਫ਼ 75 ਹਜ਼ਾਰ ਰੁਪਏ ਦਿੱਤੇ ਹਨ। ਜਦੋਂ ਵੀ ਉਹ ਕਿਰਾਇਆ ਲੈਣ ਲਈ ਪਹੁੰਚਦੇ ਹਨ ਤਾਂ ਉਹ ਉਥੋਂ ਖਿਸਕ ਜਾਂਦਾ ਹੈ। ਚੰਡੀਗੜ੍ਹ ਤੋਂ ਪਹੁੰਚੀ ਤੇਜੀ ਸੰਧੂ ਨੇ ਕਿਹਾ ਕਿ ਸੋਮਵਾਰ ਉਹ ਆਪਣੇ ਭਰਾ ਤੇ ਇਲਾਕੇ ਦੇ ਸਰਪੰਚ ਨਾਲ ਦੁਕਾਨ ’ਤੇ ਪਹੁੰਚੀ ਸੀ। ਪਹਿਲਾਂ ਤਾਂ ਉਹ ਸਾਹਮਣੇ ਨਹੀਂ ਆਇਆ ਤੇ ਫਿਰ ਬਾਅਦ ’ਚ ਆ ਕੇ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਸਾਰੀ ਬਿਲਡਿੰਗ ਨੂੰ ਜਿੰਦਰੇ ਲਾ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਤੇ ਉਹ ਹੁਣ ਉੱਚ ਅਧਿਕਾਰੀਆਂ ਤਕ ਪਹੁੰਚ ਕਰਨਗੇ। ਸੰਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ ਤਾਂ ਉਹ ਲੋਕਾਂ ਨੂੰ ਕਿਵੇਂ ਇਨਸਾਫ਼ ਦਿਵਾਉਣਗੇ। ਉਧਰ ਦੂਜੀ ਧਿਰ ਦਾ ਵਿਅਕਤੀ ਵੀ ਲੋਕ ਇਨਸਾਫ਼ ਪਾਰਟੀ ਦਾ ਵਰਕਰ ਹੈ। ਸੰਧੂ ਨੂੰ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਲਈ ਕਰੀਬ ਢਾਈ ਘੰਟੇ ਇੰਤਜ਼ਾਰ ਕਰਨਾ ਪਿਆ। ਉਧਰ ਦੁੱਗਰੀ ਥਾਣੇ ਦੇ ਇੰਚਾਰਜ ਮਧੂਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ।