ਲੁਧਿਆਣਾ : ਬੱਚਾ ਨਾ ਹੋਣ ‘ਤੇ ਸਹੁਰੇ ਪਰਿਵਾਰ ਨੇ ਨੂੰਹ ਨੂੰ ਡੰਡਿਆਂ ਨਾਲ ਕੁੱਟਿਆ, ਜ਼ਖਮੀ ਕਰਕੇ ਹੋਏ ਫਰਾਰ

0
334

ਲੁਧਿਆਣਾ, 2 ਅਕਤੂਬਰ | ਇਥੋਂ ਇਕ ਨਵੀਂ ਖਬਰ ਸਾਹਮਣੇ ਆਈ ਹੈ। ਬੱਚਾ ਨਾ ਹੋਣ ਉਤੇ ਸਹੁਰੇ ਪਰਿਵਾਰ ਵਲੋਂ ਨੂੰਹ ਦੀ ਕੁੱਟਮਾਰ ਕੀਤੀ ਗਈ। ਥਾਣਾ ਜਮਾਲਪੁਰ ਪੁਲਿਸ ਨੇ ਕੁੱਟਮਾਰ ਦੇ ਦੋਸ਼ ’ਚ ਸੱਸ, ਨਨਾਣ ਸਮੇਤ 5 ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵਨੀਤ ਕੌਰ ਉਰਫ਼ ਰੋਮਨ, ਸੁਖਪ੍ਰੀਤ ਕੌਰ, ਸੱਸ ਪ੍ਰੀਤਮ ਕੌਰ, ਮਨਜਿੰਦਰ ਸਿੰਘ ਅਤੇ ਨਨਾਣ ਇੰਦਰਜੀਤ ਕੌਰ ਨਿਵਾਸੀ ਪਿੰਡ ਭੂਖੜੀ ਵਜੋਂ ਹੋਈ ਹੈ। ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

ਸ਼ਿਕਾਇਤਕਰਤਾ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਿਵਾਸੀ ਪਿੰਡ ਭੂਖੜੀ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਸੁਖਦੇਵ ਸਿੰਘ ਨਾਲ ਦੂਜਾ ਵਿਆਹ ਹੋਇਆ ਹੈ। 29 ਸਤੰਬਰ ਨੂੰ ਸਵੇਰੇ 11.15 ਵਜੇ ਉਹ ਆਪਣੇ ਕਮਰੇ ’ਚ ਸੀ ਤਾਂ ਉਸ ਦੀ ਨਨਾਣ ਮਿਲਣ ਲਈ ਮਾਪੇ ਘਰ ਆਈ ਸੀ। ਇਸ ਦੌਰਾਨ ਰਵਨੀਤ ਕੌਰ, ਸੱਸ ਪ੍ਰੀਤਮ ਕੌਰ, ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਉਸ ਦੇ ਨਾਲ ਬਹਿਸਬਾਜ਼ੀ ਕਰਨ ਲੱਗੀਆਂ ਤੇ ਮੇਰੇ ਨਾਲ ਲੜਾਈ-ਝਗੜਾ ਕਰਨ ਲੱਗੇ।

ਮੁਲਜ਼ਮਾਂ ਨੇ ਉਸ ਨੂੰ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ। ਰੌਲਾ ਪਾਇਆ ਤਾਂ ਨੇੜੇ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਕੋਈ ਵੀ ਬੱਚਾ ਨਹੀਂ ਹੈ। ਇਸ ਕਾਰਨ ਉਸ ਦੇ ਸਹੁਰੇ ਪਰੇਸ਼ਾਨ ਕਰਦੇ ਹਨ।