ਪੰਜਾਬ ਦੀ ਸ਼੍ਰੇਆ ਮੈਣੀ ਰਾਸ਼ਟਰਪਤੀ ਮੁਰਮੂ ਵੱਲੋਂ NSS ਐਵਾਰਡ ਨਾਲ ਸਨਮਾਨਿਤ

0
694

ਨਵੀਂ ਦਿੱਲੀ, 30 ਸਤੰਬਰ | ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਸੇਵਾ ਯੋਜਨਾ (NSS) ਐਵਾਰਡ ਨਾਲ ਸਨਮਾਨਤ ਕੀਤਾ। ਸ਼੍ਰੇਆ ਨੂੰ ਇਸ ਦੌਰਾਨ ਐਵਾਰਡ ਤੋਂ ਇਲਾਵਾ ਇਕ ਲੱਖ ਰੁਪਏ ਨਕਦ ਤੇ ਚਾਂਦੀ ਦਾ ਤਮਗਾ ਵੀ ਦਿੱਤਾ ਗਿਆ। ਉਸ ਨੂੰ ਰਾਸ਼ਟਰੀ ਸੇਵਾ ਯੋਜਨਾ ਦੇ ਮੂਲ ਉਦੇਸ਼ਾਂ ਮੁਤਾਬਕ ਨਿਸ਼ਕਾਮ ਭਾਵਨਾ ਨਾਲ ਜਾਗਰੂਕਤਾ ਲਈ ਚੁੱਕੇ ਕਦਮਾਂ ਸਦਕਾ ਇਹ ਇਨਾਮ ਦਿੱਤਾ ਗਿਆ।

ਦੱਸ ਦਈਏ ਕਿ ਸ਼੍ਰੇਆ ਨੇ ਕੋਵਿਡ-19 ਦੌਰਾਨ ਲੋਕਾਂ ਤੱਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਉਣ ਲਈ ਵੱਖ-ਵੱਖ ਸਰਗਰਮੀਆਂ ਜ਼ਰੀਏ ਯੋਗਦਾਨ ਦਿੱਤਾ ਸੀ। ਉਸ ਨੇ ਵੱਖ-ਵੱਖ ਟੀਕਾਕਰਨ ਕੈਂਪਾਂ ਵਿਚ ਹਿੱਸਾ ਲੈ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ ਸੀ। ਸ਼੍ਰੇਆ, ਰਾਮਾਂਮੰਡੀ ਤੋਂ ਹੁਸ਼ਿਆਰਪੁਰ ਰੋਡ ’ਤੇ ਪੈਂਦੇ ਵਿਦਿਅਕ ਅਦਾਰੇ ਦੀ ਵਿਦਿਆਰਥਣ ਹੈ। ਉਸ ਨੇ ਵਾਤਾਵਰਣ ਸੰਭਾਲ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਤੋਂ ਇਲਾਵਾ ਖ਼ੁਦ ਬੂਟੇ ਲਾਉਣ, ਉਨ੍ਹਾਂ ਦੀ ਦੇਖਭਾਲ ਕਰਨ ਦੇ ਨਾਲ ਹੀ ਲੋਕਾਂ ਨੂੰ ਚੌਗਿਰਦੇ ਨਾਲ ਜੋੜਣ ਲਈ ਕਈ ਯਤਨ ਕੀਤੇ ਹਨ।

ਸ਼੍ਰੇਆ ਨੇ ਇਸ ਤੋਂ ਇਲਾਵਾ ਪਿੰਡਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਰਗੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਪਰਾਲੀ ਸਾੜਨ, ਪਲਾਸਟਿਕ ਦੇ ਖ਼ਤਰਿਆਂ ਅਤੇ ਵਾਤਾਵਰਣ, ਕਿਸਾਨਾਂ ਅਤੇ ਖਪਤਕਾਰਾਂ ਲਈ ਬਾਜਰੇ ਦੀ ਮਹੱਤਤਾ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ।