ਕਰਾਚੀ, 29 ਸਤੰਬਰ | ਪੀ.ਟੀ.ਆਈ. ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ ‘ਚ ਕਰੀਬ 34 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਰੈਲੀ ਲਈ ਇਕੱਠੇ ਹੋਏ ਸਨ।
ਰਿਪੋਰਟ ਮੁਤਾਬਕ ਧਮਾਕਾ ਮਸਤੁੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਨੇੜੇ ਹੋਇਆ। ਮਰਨ ਵਾਲਿਆਂ ਵਿਚ ਮਸਤੁੰਗ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨਵਾਜ਼ ਗਸ਼ਕੋਰੀ ਵੀ ਸ਼ਾਮਲ ਸਨ। ਹਮਲੇ ਦੌਰਾਨ ਉਹ ਰੈਲੀ ਲਈ ਡਿਊਟੀ ‘ਤੇ ਸੀ।
ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ ਈਦ ਮਿਲਾਦੁਨ ਨਬੀ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਰਹੇ ਸਨ। ਸਿਟੀ ਸਟੇਸ਼ਨ ਹਾਊਸ ਅਫਸਰ (ਐਸਐਚਓ) ਮੁਹੰਮਦ ਜਾਵੇਦ ਲਹਿਰੀ ਨੇ ਕਿਹਾ ਕਿ ਇਹ ਧਮਾਕਾ ਆਤਮਘਾਤੀ ਧਮਾਕਾ ਸੀ ਅਤੇ ਹਮਲਾਵਰ ਨੇ ਡੀਐਸਪੀ ਦੀ ਕਾਰ ਦੇ ਕੋਲ ਆਪਣੇ ਆਪ ਨੂੰ ਉਡਾ ਲਿਆ।