ਹੁਸ਼ਿਆਰਪੁਰ, 15 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਨੇੜੇ ਕੁਝ ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਗੋਵਿੰਦ ਰਾਏ ਗੋਲਡੀ ਉਮਰ 30 ਸਾਲ ਪੁੱਤਰ ਸੁਰਿੰਦਰ ਪਾਲ ਵਾਸੀ ਕਸਬਾ ਹਾਜੀਪੁਰ ਵਜੋਂ ਹੋਈ ਹੈ। ਮ੍ਰਿਤਕ ਦੁਪਹਿਰ ਵੇਲੇ ਨਵਰਾਜ ਪੁੱਤਰ ਕੁਲਦੀਪ ਵਾਸੀ ਪਿੰਡ ਸੁਨੇੜਾ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ ਜਦੋਂ ਉਹ ਪਟਿਆਲ਼ ਸਕੂਲ ਨੇੜੇ ਪੁੱਜਾ ਤਾਂ ਪਿੱਛਿਓਂ ਆ ਰਹੇ 4 ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਖੁਦ ਨੂੰ ਬਚਾਉਣ ਲਈ ਮੋਟਰਸਾਈਕਲ ਚਾਲਕ ਨੇ ਪਿੰਡ ਪਟਿਆਲ ਵੱਲ ਮੋੜ ਕੱਟ ਲਿਆ ਤਾਂ ਮੋਟਰਸਾਈਕਲ ਪਲਟ ਗਿਆ, ਜਿਸ ਕਾਰਨ ਦੋਵੇਂ ਸੜਕ ‘ਤੇ ਡਿੱਗ ਗਏ, ਜਿਸ ਦੌਰਾਨ ਹਮਲਾਵਰਾਂ ਨੇ ਗੋਵਿੰਦ ਰਾਏ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਲੋਕ ਇਕੱਠੇ ਹੋ ਗਏ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਥੋਂ ਰੈਫਰ ਕਰ ਦਿੱਤਾ। ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।