ਮੁਸਾਫਿਰਾਂ ਲਈ ਅਹਿਮ ਖ਼ਬਰ : ਪੰਜਾਬ ‘ਚ ਇਸ ਰੂਟ ‘ਤੇ 5 ਦਿਨਾਂ ਲਈ ਰੇਲ ਆਵਾਜਾਈ ਰਹੇਗੀ ਬੰਦ

0
1661

ਫਿਰੋਜ਼ਪੁਰ, 15 ਸਤੰਬਰ | ਇਥੋਂ ਮੁਸਾਫਿਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਸਿਟੀ ਅਤੇ ਕੈਂਟ ਨੂੰ ਜੋੜਣ ਵਾਲੇ ਪੁਲ ਨੂੰ ਉੱਚਾ ਚੁੱਕਣ ਲਈ ਰੇਲ ਵਿਭਾਗ 21 ਸਤੰਬਰ ਤੋਂ 25 ਸਤੰਬਰ ਤੱਕ ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਰੇਲ ਆਵਾਜਾਈ ਬੰਦ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਇਲੈਕਟ੍ਰਿਕ ਲਾਈਨਾਂ ਜੋੜਨ ਲਈ ਰੇਲਵੇ ਪੁਲ ਨੂੰ ਉੱਚਾ ਚੁੱਕਿਆ ਜਾਣਾ ਜ਼ਰੂਰੀ ਹੈ, ਜਿਸ ਲਈ ਇਸ ਨੂੰ 17 ਸਤੰਬਰ ਤੋਂ 120 ਦਿਨ ਲਈ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕੀਤਾ ਜਾ ਰਿਹਾ ਹੈ।

ਇਸ ਦੌਰਾਨ 21 ਸਤੰਬਰ ਤੋਂ ਕੈਂਟ ਸਟੇਸ਼ਨ ਤੋਂ ਫਾਜ਼ਿਲਕਾ ਟਰੈਕ ’ਤੇ ਬਲਾਕ ਲਿਆ ਜਾ ਰਿਹਾ ਹੈ। ਇਸ ਬਲਾਕ ਦੌਰਾਨ ਕੈਂਟ ਸਟੇਸ਼ਨ ਤੋਂ ਹਨੂਮਾਨਗੜ੍ਹ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 14601-14602 ਨੂੰ 21 ਤੋਂ 25 ਸਤੰਬਰ ਤੱਕ ਰੱਦ ਰੱਖਿਆ ਹੈ। ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04627 ਅਤੇ 06988 ਨੂੰ ਵੀ 21 ਤੋਂ 25 ਸਤੰਬਰ ਤੱਕ ਰੱਦ ਰੱਖਿਆ ਜਾਵੇਗਾ।

ਮੁਸਾਫਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਗੱਡੀ ਨੰਬਰ 06989 ਅਤੇ 04491 ਨੂੰ 23 ਅਤੇ 24 ਸਤੰਬਰ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ ਸਿਟੀ ਸਟੇਸ਼ਨ ਤੱਕ ਚਲਾਇਆ ਜਾਵੇਗਾ ਅਤੇ ਇਹ ਗੱਡੀਆਂ ਕੈਂਟ ਸਟੇਸ਼ਨ ’ਤੇ ਨਹੀਂ ਆਉਣਗੀਆਂ। ਇਸੇ ਤਰ੍ਹਾਂ ਗੱਡੀ ਨੰਬਰ 04643, 06987 ਨੂੰ ਵੀ 24 ਅਤੇ 25 ਸਤੰਬਰ ਨੂੰ ਸਿਰਫ਼ ਸਿਟੀ ਸਟੇਸ਼ਨ ਤੱਕ ਚਲਾਉਂਦੇ ਹੋਏ ਇਥੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ।